Ghazal in Punjabi, ਪੰਜਾਬੀ ਵਿਚ ਗ਼ਜ਼ਲ, By Ghazal Kaav, Aashiq Lahore, Ashraf Sharfi and 99+ more

 Ghazal in PunjabiGhazal Kaav: Theme Ate Roopakar
ਗ਼ਜ਼ਲ-ਕਾਵਿ : ਥੀਮ ਅਤੇ ਰੂਪਾਕਾਰ
ਗ਼ਜ਼ਲ-ਕਾਵਿ ਰੂਪਾਕਾਰ: ਸੰਕਲਪ, ਪਰਿਭਾਸ਼ਾ, ਸਰੂਪ ਅਤੇ ਸੰਰਚਨਾ

ਗ਼ਜ਼ਲ-ਕਾਵਿ ਭਾਵੇਂ ਪੰਜਾਬੀ ਕਾਵਿ ਦਾ ਪ੍ਰਮੁੱਖ ਅੰਗ ਬਣ ਚੁੱਕਾ ਹੈ, ਪਰ ਇਹ ਇਕ ਅਰਬੀ ਮੂਲ ਦਾ ਸ਼ਬਦ ਹੈ। ਜਿਸਦਾ ਅਰਥ ਔਰਤ ਨਾਲ ਗੱਲਾਂ ਕਰਨਾ ਜਾਂ ਔਰਤ ਦੀ ਜਵਾਨੀ, ਸੁੰਦਰਤਾ ਬਾਰੇ ਵਿਚਾਰ ਕਰਨਾ ਆਦਿ ਤੋਂ ਲਿਆ ਗਿਆ। ਇਸ ਬਾਰੇ ਡਾ. ਨਰੇਸ਼ ਦਾ ਮਤ ਹੈ:
ਭਾਵੇਂ ਪੰਜਾਬੀ ਸਾਹਿਤ ਵਿਚ ਗ਼ਜ਼ਲ ਦੀ ਉਮਰ ਬਹੁਤ ਛੋਟੀ ਹੈ ਪਰ ਤਾਂ ਵੀ ਪੰਜਾਬੀ ਗ਼ਜ਼ਲ ਨੇ ਆਪਣੇ ਆਪ ਨੂੰ ਸਾਹਿਤ ਦੀ ਇਕ ਮਹੱਤਵਪੂਰਨ ਵੰਨਗੀ ਦੇ ਰੂਪ ਸਥਾਪਿਤ ਕਰ ਲਿਆ ਹੈ। 'ਗ਼ਜ਼ਲ' ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਔਰਤ ਨਾਲ ਗੱਲਾਂ ਕਰਨਾ, ਉਸ ਦੇ ਰੂਪ, ਹੁਸਨ, ਜੋਬਨ ਦੀ ਚਰਚਾ ਕਰਨੀ, ਉਹਨਾਂ ਸੰਬੰਧੀ ਆਪਣੇ ਦੁੱਖਾਂ ਦਾ ਬਿਆਨ ਆਦਿ ਹੈ।1

ਪੰਜਾਬੀ ਸਾਹਿਤ ਵਿਚ ਗ਼ਜ਼ਲ ਦਾ ਪ੍ਰਵੇਸ਼ ਈਰਾਨੀ ਉਰਦੂ ਤੋਂ ਹੋਇਆ। ਇਸ ਤਰ੍ਹਾਂ ਮੁਢਲੇ ਰੂਪ ਵਿਚ ਗ਼ਜ਼ਲ ਇਕ ਸਿਨਫ਼ ਵਜੋਂ ਅਰਬ ਈਰਾਨ ਅਤੇ ਉਰਦੂ ਦੇ ਪੜ੍ਹਾਅ ਹੰਢਾਉਂਦੀ ਹੋਈ ਪੰਜਾਬੀ ਵਿਚ ਪੁੱਜੀ। ਗ਼ਜ਼ਲ ਦੀ ਉਤਪਤੀ ਮੂਲ ਰੂਪ ਵਿਚ ਇਕ ਅਰਬੀ ਕਾਵਿ-ਰੂਪ 'ਕਸੀਦਾ' ਜੋ ਕਿ ਈਰਾਨ ਦੀ ਮਹਿਬੂਬ ਸਿਨਫ਼ ਬਣ ਗਈ, ਵਿਚੋਂ ਵੀ ਹੋਈ ਮੰਨੀ ਜਾਂਦੀ ਹੈ। ਇਸ ਕਾਵਿ ਰੂਪ ਵਿਚ ਕਵੀ ਮੌਕੇ ਦੇ ਹਾਕਮਾਂ ਦੀ ਉਸਤਤੀ ਕਰਕੇ, ਉਹਨਾਂ ਤੋਂ ਇਵਜ਼ ਵਿਚ ਇਨਾਮ ਪ੍ਰਾਪਤ ਕਰਦੇ ਸਨ। ਇਸ ਵਿਚ ਹਾਕਮ ਦੇ ਗੁਣਾਂ ਦਾ ਵਿਖਿਆਨ ਕੀਤਾ ਜਾਂਦਾ ਸੀ। ਉਸਦੇ ਦੇਹੀ-ਸੁਹੱਪਣ ਤੋਂ ਲੈ ਕੇ ਵਿਭਿੰਨ ਨਿਪੁੰਨਤਾਵਾਂ ਦਾ ਗੁਣਗਾਨ ਕੀਤਾ ਜਾਂਦਾ ਸੀ। ਡਾ. ਐਸ. ਤਰਸੇਮ ਦੇ ਸ਼ਬਦਾਂ ਵਿਚ:

ਸ਼ਾਇਰ ਆਪਣੇ ਹਾਕਮ/ਆਸਰਾਦਾਤੇ ਤੋਂ ਇਨਾਮ ਜਾਂ ਧੰਨ-ਦੌਲਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਸੀਦੇ ਦੀ ਰਚਨਾ ਕਰਦੇ ਸਨ। ਇਸ ਕਾਵਿਰੂਪਾਕਾਰ ਰਾਹੀਂ ਕਵੀ ਆਪਣੇ ਹਾਕਮ ਦੀ ਵਡਿਆਈ ਕਰਿਆ ਕਰਦੇ ਸਨ। ਕਵੀ ਅਕਸਰ ਹਾਕਮ ਜਾਂ ਸਰਦਾਰ ਦੀ ਜਿੱਤ ਉੱਤੇ ਜਾਂ ਖੁਸ਼ੀ ਦੇ ਹੋਰ ਮੌਕਿਆ ਉਤੇ ਕਸੀਦੇ ਦੀ ਰਚਨਾ ਕਰਦੇ ਸਨ। ਇਸ ਤਰਾਂ ਦੀ ਰਚਨਾ ਵਿਚ ਕਿਸੇ ਪਿਆਰੇ ਦੀ ਸੁੰਦਰਤਾ ਅਤੇ ਉਸ ਅਨੁਕੂਲ ਸੁਹਾਣੇ ਮੌਸਮ ਦਾ ਗੁਣਗਾਇਨ ਕੀਤਾ ਜਾਂਦਾ ਸੀ। ਪਹਿਲੇ ਕੁਝ ਸ਼ਿਅਰਾਂ ਵਿਚ ਹਾਕਮ ਦੀ ਪ੍ਰਸ਼ੰਸਾ ਦਾ ਮਾਹੌਲ ਬੰਨ੍ਹਿਆ ਜਾਂਦਾ ਸੀ। ਉਸਤੋਂ ਅਗਲੇ ਸ਼ਿਅਰਾਂ ਵਿਚ ਹਾਕਮ ਦੀ ਵਡਿਆਈ ਹੁੰਦੀ ਸੀ, ਜਿਸ ਵਿਚ ਉਸ ਦੀ ਸਰੀਰਕ ਸੁੰਦਰਤਾ ਤੋਂ ਲੈ ਕੇ ਬਹਾਦਰੀ ਦੇ ਹੋਰ ਗੁਣਾਂ ਦਾ ਜਿਕਰ ਹੁੰਦਾ ਸੀ। ਜਿੱਤ ਦੀ ਖੁਸ਼ੀ ਵਿਚ ਲਿਖੇ ਕਸੀਦੇ ਵਿਚ ਹਾਕਮ ਦੀ ਬਹਾਦਰੀ ਅਤੇ ਉਸ ਦੁਆਰਾ ਵਰਤੇ ਗਏ ਹਥਿਆਰਾਂ ਨੂੰ ਬੜੇ ਜੋਸ਼ੀਲੇ ਤੇ ਸੁਆਦਲੇ ਢੰਗ ਨਾਲ ਬਿਆਨ ਕੀਤਾ ਜਾਂਦਾ ਸੀ। ਤਾਜ-ਪੋਸ਼ੀ, ਵਿਆਹ-ਸ਼ਾਦੀ ਜਾਂ ਕਿਸੇ ਹੋਰ ਸ਼ੁਭ ਮੌਕੇ ਤੇ ਹਾਕਮ ਤੇ ਉਸਦੇ ਪਰਿਵਾਰ ਦੀ ਇਸ ਤਰ੍ਹਾਂ ਪ੍ਰਸ਼ੰਸਾ ਕੀਤੀ ਜਾਂਦੀ ਸੀ ਕਿ ਹਾਕਮ/ਸਰਦਾਰ ਸ਼ਾਇਰ ਨੂੰ ਇਨਾਮ ਦੇਣ ਲਈ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਸੀ। ਇਨਾਮ ਦੀ ਮੰਗ ਅਤੇ ਦੁਆ ਨਾਲ ਕਸੀਦੇ ਦਾ ਅੰਤ ਹੁੰਦਾ ਸੀ।2

ਕਸੀਦੇ ਦੇ ਚਾਰ ਭਾਗ ਹੁੰਦੇ ਸਨ। ਪਹਿਲਾ 'ਤਸ਼ਬੀਬ' ਸੀ ਜਿਸਦੇ ਅੱਖਰੀ ਅਰਥ 'ਅੱਗ ਸੁਲਗਾਣਾ' ਹੈ। ਪਰ ਇਸਦੇ ਵਿਭਿੰਨ ਅਰਥ ਕੀਤੇ ਜਾਂਦੇ ਹਨ ਜਿਵੇਂ ਸ਼ਬਾਬ ਦੀਆਂ ਗੱਲਾਂ ਕਰਨਾ, ਮਾਸ਼ੂਕ ਦੀ ਤਾਰੀਫ਼ ਕਰਨਾ, ਜਵਾਨੀ ਦੇ ਦਿਨਾਂ ਦਾ ਜ਼ਿਕਰ ਕਰਨਾ। ਡਾ. ਐਸ ਤਰਸੇਮ ਇਸਦਾ ਅਰਥ ਸ਼ਬਾਬ ਦੀ ਗੱਲਾਂ ਕਰਨ ਵਿਚ ਕੱਢਦਾ ਹੈ। ਪਰ ਇੱਥੇ ਇਕ ਗੱਲ ਜਿਕਰਯੋਗ ਹੈ ਕਿ ਤਸ਼ਬੀਬ ਵਿਚ ਜਿਹੜੀ ਮਾਸ਼ੂਕ, ਸ਼ਬਾਬ, ਜਵਾਨੀ ਦੀਆਂ ਗੱਲਾਂ ਹੁੰਦੀਆਂ ਸਨ, ਉਹਨਾਂ ਦਾ ਸਿੱਧਾ ਸੰਬੰਧ ਨਾਇਕ ਨਾਲ ਹੁੰਦਾ ਸੀ। ਦੂਜਾ ਭਾਗ: 'ਗੁਰੇਜ਼' ਹੈ। ਜਿਸਦਾ ਅਰਥ 'ਮੋੜ ਕੱਟਣਾ' ਹੈ ਭਾਵ ਇਕ ਵਿਚਾਰ ਤੋਂ ਦੂਜੇ ਵੱਲ ਯਾਤਰਾ ਕਰਨਾ ਹੈ। ਇਸ ਵਿਚ ਕਵੀ ਨਾਇਕ ਦੀ ਵਡਿਆਈ/ਪ੍ਰਸ਼ੰਸਾ ਦੀ ਇਕ ਪਿੱਠ ਭੂਮੀ ਉਸਾਰਨ ਦਾ ਜਤਨ ਆਰੰਭਦਾ ਹੈ ਤਾਂ ਕਿ ਵਡਿਆਈ ਇਕ ਸਹਿਜ ਪ੍ਰਕਾਰਜ ਹੋ ਨਿੱਬੜੇ। ਡਾ. ਤਰਸੇਮ ਅਨੁਸਾਰ: ਆਪਣੇ ਅਸਲ ਮਕਸਦ ਲਈ ਮੋੜਾ ਕੱਟਣਾਂ ਅਰਥਾਤ ਹਾਕਮ ਦੀ ਵਡਿਆਈ ਕਰਨ ਲਈ ਆਧਾਰ ਤਿਆਰ ਕਰਨਾ।3

ਕਸੀਦੇ ਦਾ ਤੀਜਾ ਭਾਗ ਮਦਹ ਹੈ। ਇਸ ਵਿਚ ਨਾਇਕ ਦੀ ਤਾਰੀਫ਼ ਦੇ ਪੁਲ ਬੰਨ੍ਹੇ ਜਾਂਦੇ ਹਨ। ਕਾਵਿ ਕਲਾ ਦੇ ਜਿਹੜੇ ਸਿੱਧਾਂਤ ਗੁਰੇਜ ਵਿਚ ਉਸਾਰੇ ਜਾਂਦੇ ਹਨ। ਉਹਨਾਂ ਬਾਰੇ ਮਤਿਆ ਨੂੰ ਨਾਇਕ ਉੱਪਰ ਢੁਕਾਉਣ ਦਾ ਕਾਰਜ ਕੀਤਾ ਜਾਂਦਾ ਹੈ। ਉਸਦੀ ਪ੍ਰਤੀ ਛਾਇਆ ਨੂੰ ਲੋਕ ਨਾਇਕ ਦਾ ਦਰਜਾ ਦੇਣ ਦੀ ਹੱਦ ਤਕ ਯਤਨ ਕੀਤਾ ਜਾਂਦਾ ਹੈ ਤਾਂ ਕਿ ਇਕ ਸਮਾਜਕ-ਆਦਰਸ਼ ਉਸਾਰਿਆ ਜਾ ਸਕੇ।
ਇਸ ਵਿਚ ਕਵੀ ਉਹ ਸਾਰੀਆਂ ਸਿਫ਼ਤਾਂ ਜੋ ਤਸ਼ਬੀਬ ਭਾਗ ਵਿਚ ਕੀਤੀਆਂ ਜਾਂਦੀਆਂ ਸਨ, ਆਪਣੇ ਮਮਦੂਹ ਤੇ ਢੁਕਾਉਂਦਾ ਸੀ।4

ਚੌਥਾ ਭਾਗ ਦੁਆ ਹੁੰਦਾ ਸੀ। ਜਿਸ ਨੂੰ ਐਸ. ਤਰਸੇਮ 'ਹੁਸਨੇ-ਤਲਬ' ਦਾ ਨਾਮ ਦਿੰਦਾ ਹੈ। ਇਸ ਭਾਗ ਵਿਚ ਕਵੀ ਰੱਬ/ਨਾਇਕ ਕੋਲ ਕਸੀਦੇ ਦੇ ਨਿਭਾਉ ਦੇ ਇਵਜ਼ ਵਿਚ ਬਖਸ਼ੀਸ਼/ਇਨਾਮ/ਧੰਨ-ਦੌਲਤ ਦੀ ਮੰਗ ਕਰਦਾ ਸੀ। ਇਸ ਤਰ੍ਹਾ 'ਕਸੀਦੇ' ਕਾਵਿ-ਰੂਪ ਦੀ ਸਿਰਜਣਾ ਦੀ ਮੂਲ-ਪ੍ਰੇਰਕ ਦੌਲਤ ਦੀ ਪ੍ਰਾਪਤੀ ਰਹੀ ਹੈ।

'ਗ਼ਜ਼ਲ' ਦੀ ਉਤਪਤੀ ਈਰਾਨੀ ਕਸੀਦੇ ਦੇ ਪਹਿਲੇ ਭਾਗ 'ਤਸ਼ਬੀਬ' ਵਿਚੋਂ ਹੋਈ ਮੰਨੀ ਜਾਂਦੀ ਹੈ। ਇਸ ਭਾਗ ਨੂੰ ਕਸੀਦੇ ਤੋਂ ਵੱਖ ਕਰਕੇ ਹੀ ਗ਼ਜ਼ਲ ਦਾ ਰੂਪ ਪ੍ਰਦਾਨ ਕੀਤਾ ਗਿਆ। ਡਾ. ਪਿਆਰ ਸਿੰਘ ਇਸ ਮਤ ਨਾਲ ਸਹਿਮਤ ਹਨ:
ਫ਼ਾਰਸੀ ਕਵੀਆਂ ਨੇ ਇਸ ਤਸ਼ਬੀਬ ਵਾਲੇ ਹਿੱਸੇ ਨੂੰ ਅੱਡਰਾ ਕਰ ਲਿਆ ਤੇ ਇਕ ਨਵੀਂ ਕਾਵਿ-ਵੰਨਗੀ ਘੜ ਲਈ ਜਿਸਦਾ ਨਾਂ ਗ਼ਜ਼ਲ ਪੈ ਗਿਆ।5

ਡਾ. ਐਸ. ਤਰਸੇਮ ਇਸ ਸੰਬੰਧੀ ਲਿਖਦੇ ਹਨ:
ਕਸੀਦੇ ਦਾ ਆਰੰਭਲਾ ਭਾਗ ਅਵੱਸ਼ ਹੀ ਰੋਮਾਂਟਿਕ ਹੁੰਦਾ ਸੀ। ਇਸ ਨੂੰ ਤਸ਼ਬੀਬ ਕਹਿੰਦੇ ਹਨ। ਇਹੀ ਤਸ਼ਬੀਬ ਦਾ ਭਾਗ ਬਾਅਦ ਵਿਚ ਜਦ ਇਕ ਵੱਖ ਕਵਿਤਾ ਦੀ ਸੂਰਤ ਵਿਚ ਪੇਸ਼ ਕੀਤਾ ਗਿਆ ਤਾਂ ਗ਼ਜ਼ਲ ਕਹਿਲਾਇਆ।6

ਇਕ ਹੋਰ ਕਿਤਾਬ ਵਿਚ ਪੇਸ਼ਗਤ ਉਸਦਾ ਮਤ ਦੇਖੋ:
ਤਸ਼ਬੀਬ ਮਾਅਸ਼ੂਕ ਦੀ ਹਾਲਤ ਦਾ ਬਿਆਨ ਅਤੇ ਉਸਦੇ ਇਸ਼ਕ ਵਿਚ ਆਪਣੀ ਵਾਰਤਾਦ ਦਾ ਨਾਂ ਹੈ ਅਤੇ ਇਸਨੂੰ 'ਨਸੀਬ' ਜਾਂ 'ਗ਼ਜ਼ਲ' ਵੀ ਕਹਿੰਦੇ ਹਨ।7

ਗ਼ਜ਼ਲ ਦੀ ਵਿਉਂਤਪਤੀ ਅਤੇ ਗ਼ਜ਼ਲ ਦੀ ਪਰਿਭਾਸ਼ਾ

ਗ਼ਜ਼ਲ ਸ਼ਬਦਾਂ ਦੀ ਵਿਉਂਤਪਤੀ ਤੇ ਪਰਿਭਾਸ਼ਿਤ ਕਰਨ ਬਾਰੇ ਵਿਭਿੰਨ ਵਿਦਵਾਨਾਂ ਦੀਆਂ ਵਿਭਿੰਨ ਰਾਵਾਂ ਦਾ ਅਧਿਐਨ ਜ਼ਰੂਰੀ ਹੈ। ਗ਼ਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਬਦ ਕੋਸ਼ਾਂ ਅਨੁਸਾਰ ' ਗ਼ਜ਼ਲ' ਸ਼ਬਦ ਉਚਾਰਨ ਪੱਖੋਂ ਦੋ ਕਿਸਮਾਂ : 'ਗ਼+ ਜ਼ਲ', ' ਗ਼ਜ਼+ਲ' ਦਾ ਹੈ। 'ਗ਼+ਜ਼ਲ' ਸ਼ਬਦ ਦੇ ਅਰਥ ਹਨ-ਔਰਤਾਂ ਨਾਲ ਗੱਲਾਂ ਕਰਨੀਆਂ, ਔਰਤਾ ਦੀ ਸੁੰਦਰਤਾ ਦੀ ਤਾਰੀਫ਼ ਕਰਨੀ। 'ਗ਼ਜ਼+ਲ' ਸ਼ਬਦ ਦਾ ਅਰਥ-ਸੂਤ ਕੱਤਣਾ ਜਾਂ ਵੱਟਣਾ ਆਦਿ ਹਨ। ਡਾ. ਐਸ. ਤਰਸੇਮ ਨੇ 'ਗ਼+ਜ਼ਲ' ਦੇ ਅਰਥ ਡੋਰਾ, ਸੂਤ, ਰੱਸੀ ਆਦਿ ਕੀਤੇ ਹਨ। ਜੇਕਰ ' ਗ਼ਜ਼ਲ' ਦੇ ਢੁੱਕਵੇਂ ਅਰਥ ਕੱਢਣੇ ਹੋਣ ਤਾਂ 'ਗ਼+ਜ਼ਲ' (ਲਘੂ+ਗੁਰੂ) ਦਾ ਵਜ਼ਨ ਠੀਕ ਹੈ ਅਤੇ ਇਸਦੇ ਕੋਸ਼ਗਤ ਅਰਥ ਵੀ ਢੁਕਵੇਂ ਹਨ। ਇਸ ਸੰਦਰਭ ਵਿਚ ਇਕ ਤੱਥ ਹੋਰ ਰੂ-ਬਰੂ ਹੁੰਦਾ ਹੈ ਕਿ ਜਦੋਂ ਮੁਢਲੇ ਦੌਰ ਵਿਚ ' ਗ਼ਜ਼ਲ' ਦਾ ਪ੍ਰਮੁੱਖ ਵਿਸ਼ਾ ਔਰਤ ਦੀ ਸੁੰਦਰਤਾ, ਇਸ਼ਕ, ਬੇਵਫਾਈ ਹੀ ਰਿਹਾ ਹੈ। ਇਸ ਲਈ ਇਸ਼ਕ ਜਾਂ ਇਸ਼ਕ ਨਾਲ ਸੰਬੰਧਿਤ ਸੰਕਲਪ ਹੀ ਗ਼ਜ਼ਲ ਦਾ ਧੁਰਾ ਰਹੇ ਹਨ।

ਉਰਦੂ-ਹਿੰਦੀ ਸ਼ਬਦ ਕੋਸ਼ ਵਿਚ ਗ਼ਜ਼ਲ ਦਾ ਸੰਕਲਪ ਇਉਂ ਪੇਸ਼ ਹੈ: ਪ੍ਰੇਮਿਕਾ ਨਾਲ ਵਾਰਤਾਲਾਪ, ਉਰਦੂ ਫ਼ਾਰਸੀ ਕਵਿਤਾ ਦੀ ਇਕ ਵਿਸ਼ੇਸ਼ ਪ੍ਰਕਾਰ ਹੈ। ਜਿਸ ਵਿਚ ਪੰਜ ਤੋਂ ਗਿਆਰਾਂ ਸ਼ਿਅਰ ਹੁੰਦੇ ਹਨ। ਸਾਰੇ ਸ਼ਿਅਰ ਇਕ ਹੀ ਰਦੀਫ਼ ਅਤੇ ਕਾਫ਼ੀਏ ਵਿਚ ਹੁੰਦੇ ਹਨ ਅਤੇ ਹਰ ਸ਼ਿਅਰ ਦਾ ਮਜਮੂਨ ਵੱਖਰਾ ਹੁੰਦਾ ਹੈ, ਪਹਿਲਾਂ ਸ਼ਿਅਰ ਦਾ ਮਜਮੂਨ ਵੱਖਰਾ ਹੁੰਦਾ ਹੈ, ਪਹਿਲਾਂ ਸ਼ਿਅਰ 'ਮਤਲਾ' ਕਹਾਉਂਦਾ ਹੈ, ਜਿਸਦੇ ਦੋਨੋਂ ਮਿਸਰਿਆਂ ਦਾ ਤੁਕਾਂਤ ਮਿਲਦਾ ਹੈ ਅਤੇ ਅੰਤਿਮ ਸ਼ਿਅਰ 'ਮਕਤਾ' ਹੁੰਦਾ ਹੈ, ਜਿਸ ਵਿਚ ਸ਼ਾਇਰ ਆਪਣਾ ਉਪਨਾਮ ਵਰਤਦਾ ਹੈ।8

ਇਕ ਹੋਰ ਸ਼ਬਦ ਕੋਸ਼ਗਤ ਅਰਥ ਗ਼ਜ਼ਲ ਨੂੰ ਕਿਸੇ ਪ੍ਰੇਮ-ਗੀਤ ਦੇ ਰੂਪਾਂ ਵਿਚ ਤਸੁੱਵਰ ਕਰਦੇ ਹਨ:
ਗ਼ਜ਼ਲ ਪਿਆਰ ਕਰਨ ਲਈ ਇਕ ਅਰਬੀ ਸ਼ਬਦ ਹੈ ਜੋ ਕਿਸੇ ਪ੍ਰੇਮ-ਗੀਤ ਜਾਂ ਪਿਆਰ-ਕਵਿਤਾ ਵੱਲ ਇਸ਼ਾਰਾ ਕਰਦਾ ਹੈ।9
ਕੁਝ ਵਿਦਵਾਨ ਗ਼ਜ਼ਲ ਦੀ ਉਤਪਤੀ, ਬਾਰੇ ਭਿੰਨ ਮੱਤ ਰੱਖਦੇ ਹਨ। ਉਹਨਾਂ ਅਨੁਸਾਰ ਸ਼ਿਕਾਰੀ ਕੁੱਤੇ ਹਰਨੋਟੇ ਦਾ ਸ਼ਿਕਾਰ ਹਿਤ ਜਦੋਂ ਉਸਦਾ ਪਿੱਛਾ ਕਰਦੇ ਹਨ ਤਾਂ ਅੱਖ ਸਾਹਮਣੇ ਮੌਤ ਕਲਪਿਤ ਕਰਕੇ ਜਿਹੜੀ ਦਰਦ ਵਿੰਨ੍ਹੀ ਚੀਕ ਹਰਨੋਟੇ ਦੇ ਅੰਦਰੋਂ ਨਿਕਲਦੀ ਹੈ, ਉਹ ਗ਼ਜ਼ਲ ਹੈ:

ਕੁਝ ਲੋਕਾਂ ਨੇ ਸ਼ਬਦ 'ਗ਼ਜ਼ਲ' ਨੂੰ 'ਗ਼ਜ਼ਾਲ' (ਹਰਨੋਟਾ) ਨਾਲ ਜੋੜ ਕੇ ਕਿਹਾ ਹੈ ਕਿ ਗ਼ਜ਼ਲ ਦੇ ਸ਼ੇਰ੍ਹਾਂ (ਸ਼ਿਅਰਾਂ) ਵਿਚ ਹਰਨੋਟੇ ਦੀ ਅੱਖ ਵਰਗੀ ਸੁੰਦਰਤਾ ਹੁੰਦੀ ਹੈ ਜਾਂ ਜਦੋਂ ਸ਼ਿਕਾਰੀ ਕੁੱਤੇ ਹਿਰਨ ਪਿੱਛੇ ਭੱਜ ਕੇ ਉਸਨੂੰ ਮਾਰਨ ਲੱਗਦੇ ਹਨ ਤਾਂ ਹਿਰਨ ਦੇ ਮੂੰਹ ਵਿਚੋ. ਇਕ ਬੜੀ ਦਰਦਨਾਕ ਹੂਕ ਨਿਕਲਦੀ ਹੈ ਅਤੇ ਗ਼ਜ਼ਲ ਦੇ ਸ਼ੇਰ੍ਹਾਂ ਵਿਚ ਵੀ ਉਹੋ ਜਿਹੇ ਦਰਦ ਦਾ ਪ੍ਰਗਟਾਵਾ ਹੁੰਦਾ ਹੈ।10

ਸਾਹਿਤ-ਕੋਸ਼ ਅਨੁਸਾਰ ਗ਼ਜ਼ਲ ਬਾਰੇ ਸੱਯਦਾ ਆਬਿਦ ਅਲੀ ਦਾ ਮਤ ਹੈ: ਸ਼ਿਕਾਰੀ ਕੁੱਤੇ ਜਦ ਹਿਰਨ ਦਾ ਪਿੱਛਾ ਕਰਦੇ ਹਨ ਅਤੇ ਹਿਰਨ ਜੀਵਨ ਤੋਂ ਨਿਰਾਸ਼ ਹੋ ਜਾਂਦਾ ਹੈ, ਤਾਂ ਉਹ ਅਤਿ ਦਰਦਨਾਕ ਆਵਾਜ਼ ਪੈਦਾ ਕਰਦਾ ਹੈ। ਇਸ ਆਵਾਜ਼ ਨੂੰ ਗ਼ਜ਼ਲ ਕਹਿੰਦੇ ਹਨ।11

ਡਾ. ਐਸ. ਤਰਸੇਮ ਗ਼ਜ਼ਾਲ ਅਤੇ ਗ਼ਜ਼ਲ ਦਾ ਸੰਬੰਧ ਸਥਾਪਿਤ ਕਰਦੇ ਹੋਏ ਗ਼ਜ਼ਲ ਦੇ ਸ਼ਿਅਰਾਂ ਦੀ ਸੰਰਚਨਾ ਦੀ ਤੁਲਨਾ ਹਿਰਨ (ਗ਼ਜ਼ਾਲ) ਦੀਆਂ ਲੰਮੀਆਂ ਛਲਾਂਗਾਂ ਨਾਲ ਕਰਦੇ ਹਨ:
ਅਰਬੀ ਵਿਚ ਹਿਰਨ ਨੂੰ 'ਗ਼ਜ਼ਾਲੇ' ਕਹਿੰਦੇ ਹਨ ਜਦੋਂ ਉਹ ਚੌਂਕੜੀਆਂ ਭਰਦਾ ਹੈ ਤਾਂ ਇਕ ਤੋਂ ਦੂਜੇ ਛੜੱਪੇ ਤਕ ਦੀ ਵਿੱਥ ਅਕਸਰ ਬਰਾਬਰ ਹੁੰਦੀ ਹੈ। ਇਹ ਗੱਲ ਗ਼ਜ਼ਲ ਦੀ ਬਣਤਰ ਵੱਲ ਇਸ਼ਾਰਾ ਕਰਦੀ ਹੈ। ਗ਼ਜ਼ਲ ਦੇ ਸਾਰੇ ਸ਼ਿਅਰ ਹਮ-ਵਜ਼ਨ ਹੁੰਦੇ ਹਨ ਅਤੇ ਹਿਰਨ ਦਾ ਹਰ ਛੜੱਪਾ ਜਾਂ ਕਦਮ ਵੀ ਅਕਸਰ ਬਰਾਬਰ ਹੁੰਦਾ ਹੈ।12

ਡਾ. ਸਾਧੂ ਸਿੰਘ ਹਮਦਰਦ ਵੀ ਅਜਿਹੇ ਮਤ ਦੇ ਧਾਰਨੀ ਹਨ: ਗ਼ਜ਼ਲ ਦੇ ਸਾਰੇ ਸ਼ਿਅਰ ਆਮ ਤੌਰ ਤੇ ਸੁਤੰਤਰ ਹੁੰਦੇ ਹਨ ਤੇ ਉਹਨਾਂ ਦਾ ਇਕ-ਦੂਜੇ ਨਾਲ ਕੋਈ ਸੰਬੰਧ ਦੇਖਣ ਵਿਚ ਨਹੀਂ ਆਉਂਦਾ। ਉੱਧਰ ਗ਼ਜ਼ਾਲ ਜਾਂ ਹਿਰਨ ਵੀ ਜਦੋਂ ਉਸਦੀ ਜਾਨ ਤੇ ਬਣੀ ਹੋਵੇ, ਚੌਕੜੀ ਪੈ ਜਾਂਦਾ ਹੈ। ਇਸ ਹਾਲਤ ਵਿਚ ਉਸਦੇ ਇਕ ਕਦਮ ਦਾ ਦੂਜੇ ਨਾਲੋਂ ਫ਼ਾਸਲਾ ਹੁੰਦਾ ਹੈ। ਗ਼ਜ਼ਲ ਅਤੇ ਗ਼ਜ਼ਾਲ ਦੀ ਇਸ ਚਾਲ-ਸਮਾਨਤਾ ਕਾਰਨ ਕਈ ਲੋਕਾਂ ਦਾ ਖਿਆਲ ਹੈ ਕਿ ਇਸ ਤੋਂ ਇਸ ਕਾਵਿ-ਰੂਪ ਦਾ ਨਾਂ 'ਗ਼ਜ਼ਲ' ਪੈ ਗਿਆ।13
ਅੱਗੇ ਡਾ. ਹਮਦਰਦ ਗ਼ਜ਼ਲ ਦੀ ਸ਼ਿਆਰਾਂ ਦੀ ਚੁਸਤੀ ਦੀ ਤੁਲਨਾ ਹਿਰਨ ਦੀ ਚੁਸਤ-ਛਲਾਂਗ ਨਾਲ ਕਰਦੇ ਹਨ। ਦੀਪਕ ਜੈਤੋਈ ਗ਼ਜ਼ਲ ਦੀ ਪਰਿਭਾਸ਼ਾ ਕਰਦਿਆਂ ਇਸਦੇ ਸ਼ਿਅਰਾਂ ਦੇ ਥੀਮਿਕ ਪਾਸਾਰ, ਮਹਿਬੂਬ ਨਾਲ ਪਿਆਰ ਭਰੇ ਸੰਵਾਦਾਂ ਅਤੇ ਕਰੁਣਾਮਈ ਮਨੋਭਾਵਾਂ ਚੋਂ ਉਪਜੇ ਦਰਸਾਉਂਦਾ ਹੈ।

ਇਕ ਹੋਰ ਮਤ ਹੈ ਕਿ 'ਗ਼ਜ਼ਲ' ਸ਼ਬਦ ਕਾਵਿ ਰੂਪ ਦੀ ਵਿਉਂਤਪਤੀ 'ਗ਼ਜ਼ਾਲ' ਨਾਂ ਦੇ ਅਰਬੀ ਵਿਅਕਤੀ ਦੇ ਨਾਂ ਤੇ ਹੋਈ ਹੈ। ਇਹ ਵਿਅਕਤੀ ਸਾਰੀ ਉਮਰ ਸ਼ਰਾਬ ਦਾ ਸੇਵਨ ਕਰਦਾ ਅਤੇ ਪਿਆਰ ਵਿਚਲੀ ਨਿਰਾਸ਼ਾ ਦਾ ਇਜਹਾਰ ਕਰਦਾ ਰਹਿੰਦਾ ਸੀ। ਇਸੇ ਨਿਰਾਸ਼ਾ ਦੇ ਮਨੋਵੇਗ ਵਿਚ ਹੀ ਉਸਨੇ ਆਪਣੇ ਨਾਂ ਤੇ ਇਸ ਕਾਵਿ ਦਾ ਨਾਮ 'ਗ਼ਜ਼ਲ' ਐਲਾਨਿਆ ਡਾ. ਖੁਮਾਰ ਦਾ ਮਤ ਪ੍ਰਸਤੁਤ ਹੈ:

ਗ਼ਜ਼ਲ ਦਾ ਨਾਂ ਗ਼ਜ਼ਲ ਪੈਣ ਦੀ ਵਜ੍ਹਾ ਇਸਦਾ ਇਕ ਗ਼ਜ਼ਾਲ ਨਾਂ ਦੇ ਅਰਬੀ ਵਿਅਕਤੀ ਹੱਥੋਂ ਵਿਕਸਤ ਹੋਣਾ ਹੈ। ਉਸਦੀ ਸਾਰੀ ਉਮਰ ਮਦ੍ਰਾ-ਪਾਨ ਅਤੇ ਇਸ਼ਕ ਖੇਡਣਾ ਵਿਚ ਲੰਘ ਗਈ। ਸ਼ਰਾਬ ਦੀ ਮਸਤੀ ਅਤੇ ਪਿਆਰ ਦੀ ਨਿਰਾਸ਼ਾ ਵਿਚ ਉਸਨੇ ਇਹ ਕਾਵਿ-ਰੂਪਾਕਾਰ ਵਿਕਸਤ ਕੀਤਾ ਅਤੇ ਆਪਣੇ ਨਾਂ ਉਤੇ ਹੀ ਇਸਦਾ ਨਾਂ ਗ਼ਜ਼ਲ ਰੱਖਿਆ।14

ਇਕ ਹੋਰ ਮਤ ਅਨੁਸਾਰ ਗ਼ਜ਼ਲ ਅਜਿਹਾ ਕਾਵਿ-ਰੂਪ ਹੈ ਜੋ ਇਸ਼ਕ-ਲਬਰੇਜ਼ ਜਜ਼ਬੇ ਦੀ ਅਭਿਵਿਅਕਤੀ ਰੁਮਾਂਟਿਕ ਪਰਿਪੇਖ ਵਿਚ ਕਰਦਾ ਹੈ :
ਗ਼ਜ਼ਲ ਦਾ ਅਸਲੀ ਭਾਵ ਇਸ਼ਕ ਦੇ ਜਜ਼ਬੇ ਦਾ ਖੁੱਲ੍ਹਾ ਤੇ ਰੌਚਕ ਬਿਆਨ ਗਿਣਿਆ ਜਾਂਦਾ ਹੈ। ਇਸੇ ਲਈ ਗ਼ਜ਼ਲ ਦਾ ਨਾਂ ਸਾਹਮਣੇ ਆਉਂਦਿਆਂ ਸੁਭਾਵਿਕ ਹੀ ਰੁਮਾਂਟਿਕਤਾ ਦਾ ਇਕ ਤੀਬਰ ਅਹਿਸਾਸ ਪਾਠਕ-ਮਨ ਵਿਚ ਆ ਜਾਂਦਾ ਹੈ।15

ਡਾ. ਨਰੇਸ਼ ਗ਼ਜ਼ਲ ਨੂੰ ਭਾਵ-ਉਤਪਾਦਨ ਦੀ ਕਸਵੱਟੀ ਪ੍ਰਦਾਨ ਕਰਦਿਆਂ ਹੋਇਆ 'ਦਿਲ ਦੀਆਂ ਡੂੰਘਾਣਾਂ 'ਚੋਂ ਨਿਕਲੀ ਆਵਾਜ਼ ਕਹਿੰਦਾ ਹੈ।


ਰੂਪ-ਵਿਧਾ ਦੇ ਪੱਖ ਤੋਂ ਗ਼ਜ਼ਲ ਨੂੰ ਬਹਿਰ, ਵਜ਼ਨ ਕਾਫ਼ੀਆਂ ਅਤੇ ਰਦੀਫ਼ ਵਿਚ ਬੱਝੇ ਹੋਇਆ ਵੀ ਹਰ ਸ਼ਿਅਰ ਦੀ ਸੁਤੰਤਰਤਾ ਦੀ ਧਾਰਨਾ ਪ੍ਰਸਤੁਤ ਕੀਤੀ ਜਾਂਦੀ ਹੈ। ਇਸ ਸੰਦਰਭ ਵਿਚ ਮਹਿੰਦਰ ਮਾਨਵ ਦੇ ਵਿਚਾਰ ਪ੍ਰਸਤੁਤ ਹਨ: ਗ਼ਜ਼ਲ ਬਹਿਰ ਅਤੇ ਵਜ਼ਨ ਵਿਚ ਬੱਝੇ, ਕਾਫ਼ੀਏ ਰਦੀਫ਼ ਦੀ ਬੰਦਿਸ਼ ਨਿਭਾਉਂਦੇ ਹੋਏ ਕੁਝ ਅਜਿਹੇ ਸ਼ਿਅਰਾਂ ਦਾ ਸਮੂਹ ਹੈ ਜੋ ਇਕ ਵਿਸ਼ੇਸ਼ ਸ਼ੈਲੀ ਅਤੇ ਸ਼ਬਦਾਵਲੀ ਰਾਹੀਂ ਬਿਆਨ ਕੀਤੇ ਗਏ ਹੋਣ। ਜਿਸ ਦਾ ਹਰ ਸ਼ਿਅਰ ਵਿਚਾਰ ਪੱਖੋਂ ਸੁਤੰਤਰ ਅਤੇ ਮੁਕੰਮਲ ਹੋਏ।16

ਇਸ ਮਤ ਤੋਂ ਇਕ ਵਿਚਾਰ ਤਾਂ ਸਪਸ਼ਟ ਹੁੰਦਾ ਹੈ ਕਿ ਗ਼ਜ਼ਲ ਦੇ ਸ਼ਿਅਰ ਭਾਵੇਂ ਇਕ ਸੂਤਰ-ਲੜੀ ਵਿਚ ਪਰੁੰਨੇ ਹੁੰਦੇ ਹਨ, ਪਰ ਵਿਚਾਰਕ ਵਿਭਿੰਨਤਾ ਅਤੇ ਇਕ ਸੰਪੂਰਨ ਖ਼ਿਆਲ ਦੀ ਇਕ ਸ਼ਿਅਰ ਵਿਚ ਉਸਾਰੀ, ਗ਼ਜ਼ਲ ਦੀ ਸੰਰਚਨਾਤਮਕ ਲਾਜਮੀ ਲੋੜਾਂ ਹਨ। ਅਜੋਕੀ ਪੰਜਾਬੀ ਗ਼ਜ਼ਲ ਦੇ ਸੰਦਰਭ ਵਿਚ, ਥੀਮਿਕ ਉਸਾਰੀ ਰੁਮਾਂਟਿਕ ਵਲਗਣਾਂ ਵਿਚੋਂ ਨਿਕਲ ਕੇ ਆਪਣੇ ਘੇਰੇ ਨੂੰ ਹੋਰ ਵਿਸ਼ਾਲਤਾ ਵੱਲ ਲਿਜਾ ਚੁੱਕੀ ਹੈ। ਉਸਦੇ ਸ਼ਿਅਰ ਸਮਾਜਕ, ਮਨੋਵਿਗਿਆਨਕ, ਇਤਿਹਾਸਕ ਵੱਖ ਨੂੰ ਅਜੋਕੇ ਮਨੁੱਖ ਦੀ ਯਥਾਰਥਕ ਸਥਿਤੀ/ਚੇਤਨਾ ਦੇ ਮਾਧਿਅਮ ਰਾਹੀਂ ਵਿਅਕਤ ਹੁੰਦੇ ਹਨ। ਅਜੋਕੀ ਗ਼ਜ਼ਲ ਵਿਸ਼ਵੀਕਰਨ ਦਾ ਦ੍ਰਿਸ਼ਟੀਮੂਲਕ ਅਧਿਐਨ ਪ੍ਰਸਤੁਤ ਕਰਦੀ ਹੈ। ਮਨੁੱਖ ਦੀ ਤਿੜਕੀ ਹੋਂਦ ਮੂਲਕ ਸੰਵੇਦਨਾ ਦਾ ਸੰਦ੍ਰਿਸ਼ ਉਸਰਿਆ ਪ੍ਰਾਪਤ ਹੁੰਦਾ ਹੈ। ਮਾਧਵ ਕੋਸ਼ਿਕ ਦਾ ਵਿਚਾਰ ਗੌਲਣਯੋਗ ਹੈ:

ਗ਼ਜ਼ਲ ਉਹ ਸ਼ਕਤੀਸ਼ਾਲੀ ਵਿਧਾ ਹੈ, ਜਿਸ ਰਾਹੀਂ ਅਸੀਂ ਜੀਵਨ ਅਤੇ ਜਗਤ ਦੀਆਂ ਸਾਰੀਆਂ ਵਿਸੰਗਤੀਆਂ, ਬਿਪਤਾਵਾਂ ਸਮਾਜਕ ਪੀੜਾ, ਸ਼ੋਸ਼ਣ ਅਤੇ ਸੰਘਰਸ਼ ਦੀਆਂ ਸਭ ਜਟਿਲ ਸਥਿਤੀਆਂ ਦੇ ਅੰਕਣ ਦੇ ਨਾਲ ਨਾਲ ਮਨੁੱਖੀ ਮਨ ਦੇ ਕਲੇਸ਼, ਵੈਰਾਗ, ਦੁੱਖ ਦੇ ਸਾਰੇ ਸੂਖਮ ਅਨੁਭਵਾਂ ਨੂੰ ਪ੍ਰਗਟ ਕਰ ਸਕਦੇ ਹਾਂ।17

ਗ਼ਜ਼ਲ ਵਿਚ ਥੀਮਿਕ ਪਹਿਲੂ ਦੀ ਪ੍ਰਸਤੁਤੀ ਸਮੁੱਚੇ ਮਾਨਵੀ ਸੰਸਾਰ, ਪੇਂਡੂ ਤੋਂ ਸ਼ਹਿਰੀ ਪਰਿਵੇਸ਼ ਤੱਕ, ਪਦਾਰਥਕ ਤੋਂ ਮਨੋਵਿਗਿਆਨਕ ਵਰਤਾਰੇ ਤਕ ਦੇ ਮਨੁੱਖੀ ਦੇਹੀ ਤੋਂ ਮਾਨਸਿਕ ਸਥਿਤੀਕ-ਹੋਂਦ ਮੂਲਕ ਸਿਸਟਮ ਤੱਕ ਪੱਸਰੀ ਹੋਈ ਹੈ।

ਗ਼ਜ਼ਲ ਦੀ ਰੂਪ-ਸੰਰਚਨਾ

ਗ਼ਜ਼ਲ ਦੀ ਰੂਪਕ-ਸੰਰਚਨਾ ਦੀ ਨਿਸ਼ਾਨਦੇਹੀ ਦੋ ਪਹਿਲੂਆਂ ਤੋਂ ਸਪਸ਼ਟ ਹੋ ਸਕਦੀ ਹੈ। ਇਕ: ਤਕਨੀਕੀ ਸੰਕਲਪ, ਦੋ: ਪਿੰਗਲ-ਸ਼ਾਸਤਰ। ਹੁਣ ਅਸੀਂ ਇਸ ਪ੍ਰਸੰਗ ਵਿਚ ਗ਼ਜ਼ਲ ਦੀ ਵਿਧਾ-ਪਛਾਣ ਨਿਸ਼ਚਤ ਕਰਨ ਦਾ ਯਤਨ ਕਰਾਂਗੇ:

1. ਤਕਨੀਕੀ ਸੰਕਲਪ/ਸ਼ਬਦਾਵਲੀ
(੧). ਮਤਲਾ ਗ਼ਜ਼ਲ ਦਾ ਨਜ਼ਮ ਵਿਚ ਦੋ ਅੱਗੇ ਪਿੱਛੇ ਆਉਣ ਵਾਲੀਆਂ ਅੰਤਰ-ਸੰਬੰਧਿਤ ਤੁਕਾਂ (ਮਿਸਰੇ), ਜਿਹਨਾਂ ਦਾ ਆਪਸ ਵਿਚ ਤੁਕਾਂਤ ਮਿਲਦਾ ਹੁੰਦਾ ਹੈ, ਨੂੰ ਮਤਲਾ ਕਿਹਾ ਜਾਂਦਾ ਹੈ। ਇਸ ਦਾ ਸਥਾਨ ਗ਼ਜ਼ਲ ਦੇ ਆਰੰਭ ਵਿਚ ਹੁੰਦਾ ਹੈ। ਮਤਲਾ ਵਾਸਤਵ ਵਿਚ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਕੋਸ਼ਗਤ ਅਰਥ ਹੈ- ਸੂਰਜ ਦਾ ਉਦੈ ਹੋਣਾ। ਡਾ. ਐਸ. ਤਰਸੇਮ ਮਤਲੇ ਬਾਰੇ ਦੱਸਦੇ ਹਨ:
ਮਤਲਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਉਦੈ ਹੋਣਾ ਜਾਂ ਸੂਰਜ ਦਾ ਚੜ੍ਹਨਾ। ਸੂਰਜ ਦੇ ਚੜ੍ਹਨ ਨਾਲ ਦਿਨ ਸ਼ੁਰੂ ਹੁੰਦਾ ਹੈ, ਉਸੇ ਤਰ੍ਹਾਂ ਗ਼ਜ਼ਲ ਦੀ ਸ਼ੁਰੂਆਤ ਮਤਲੇ ਨਾਲ ਹੁੰਦੀ ਹੈ। ਮਤਲੇ ਨੂੰ ਪੰਜਾਬੀ ਦੇ ਕੁਝ ਸ਼ਾਇਰ ਮੁਖੜਾ ਵੀ ਕਹਿੰਦੇ ਹਨ। ਪੰਜਾਬੀ ਭਾਸ਼ਾ ਅਨੁਸਾਰ ਮਤਲੇ ਲਈ ਮੁਖੜਾ ਸ਼ਬਦ ਵੀ ਢੁਕਵਾਂ ਹੈ।18

ਪੰਜਾਬ ਕੋਸ਼ ਵਿਚ ਵੀ ਮਤਲੇ ਦੇ ਅਰਥ ਸੂਰਜ ਦਾ ਉਦੈ ਹੋਣਾ ਅਤੇ ਇਸਨੂੰ ਮੁਖੜੇ ਨਾਲ ਨਾਮਕਰਨ ਕੀਤਾ ਗਿਆ ਹੈ।
ਇਕ ਗ਼ਜ਼ਲ ਵਿਚ ਇਕ ਤੋਂ ਵਧੀਕ ਮਤਲੇ ਵੀ ਸੰਭਵ ਹਨ। ਪਹਿਲੇ ਮਤਲੇ ਨੂੰ ਮਤਲਾ-ਏ-ਅੱਵਲ ਅਤੇ ਬਾਦ ਵਿਚ ਆਉਣ ਵਾਲੇ ਨੂੰ ਮਤਲਾ-ਸਾਕੀ ਜਾਂ ਹੁਸਨ-ਏ- ਮਤਲਾ ਕਹਿੰਦੇ ਹਨ। ਮਤਲੇ ਵਿਚ ਦੋ ਤੁਕਾਂ ਹੁੰਦੀਆ ਹਨ। ਦੋਹਾਂ ਤੁਕਾਂ ਦਾ ਬਹਿਰ/ਵਜ਼ਨ ਸਮਾਨ ਹੁੰਦਾ ਹੈ। ਮਤਲੇ ਦੀ ਹਰ ਤੁਕ ਮਿਸਰਾ ਕਹਾਉਂਦੀ ਹੈ। ਪੰਜਾਬ ਕੋਸ਼ ਵਿਚ ਮਤਲੇ ਬਾਰੇ ਵਿਚਾਰ ਇੰਦਰਾਜ ਹਨ:
ਮਤਲੇ ਵਿਚ ਦੋ ਤੁਕਾਂ/ਦੋ ਮਿਸਰੇ ਹੁੰਦੇ ਹਨ। ਇਹ ਦੋਵੇਂ ਤੁਕਾਂ ਹਮ-ਵਜ਼ਨ, ਹਮ-ਕਾਫ਼ੀਆ, ਹਮ-ਰਦੀਫ਼ ਹੁੰਦੀਆਂ ਹਨ।19

(੨). ਮਿਸਰਾ
ਮਿਸਰਾ ਸ਼ਿਅਰ ਦੀ ਇਕ ਤੁਕ ਨੂੰ ਕਿਹਾ ਜਾਂਦਾ ਹੈ। ਇਸ ਤੁਕ ਦੀ ਹੋਂਦ ਮਤਲੇ, ਸ਼ਿਅਰ ਅਤੇ ਮਤਲੇ ਵਿਚ ਲਾਜ਼ਮੀ ਹੈ। ਜਿਵੇਂ ਸ਼ਿਅਰ, ਮਤਲੇ, ਮੁਕਤੇ ਵਿਚ ਦੋ-ਦੋ ਤੁਕਾਂ ਹੁੰਦੀਆਂ ਹਨ। ਤਿੰਨ ਸ਼ਿਅਰਾਂ ਵਾਲੀ ਗ਼ਜ਼ਲ ਵਿਚ ਮਿਸਰਿਆਂ ਦੀ ਗਿਣਤੀ ਵੱਧ ਹੁੰਦੀ ਹੈ। ਮਿਸਰਾ ਗ਼ਜ਼ਲ ਦੀ ਕਾਵਿਕ-ਇਕਾਈ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਗ਼ਜ਼ਲ ਦੇ ਸਾਰੇ ਮਿਸਰੇ ਇਕ ਸੰਪੂਰਨ ਬਿੰਬ ਦੀ ਸੰਰਚਨਾ ਵਿਚ ਯੋਗਦਾਨ ਪਾਉਂਦੇ ਹਨ।

(੩). ਸ਼ਿਅਰ : ਸਿਅਰ ਦੇ ਸ਼ਾਬਦਿਕ ਅਰਥ
'ਸਿਰ ਦੇ ਵਾਲ' ਜਾਂ ਜਾਨਣਾ ਹੈ। ਜਿਵੇਂ ਅਨੁਸਾਰਤਾ ਵਿਚ ਵਾਹੇ-ਗੁੰਦੇ ਵਾਲ ਵਿਅਕਤੀ ਦੀ ਸ਼ਖ਼ਸੀਅਤ ਵਿਚ ਵਾਧਾ ਕਰਦੇ ਹਨ। ਉਸੇ ਤਰ੍ਹਾਂ ਸ਼ਿਅਰ ਵਿਚਲੇ ਸ਼ਬਦਾਂ ਦੀ ਢੁਕਵੀਂ ਜੜ੍ਹਤ ਗ਼ਜ਼ਲ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀ ਹੈ:
ਜਿਸ ਤਰ੍ਹਾਂ ਵਾਲ ਵਾਹੁਣ, ਸੰਵਾਰਨ ਅਤੇ ਗੁੰਦਣ ਨਾਲ ਸਿਰ ਤੇ ਚਿਹਰੇ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ, ਉਸੇ ਤਰ੍ਹਾਂ ਸ਼ਬਦ ਰੂਪੀ ਵਾਲਾਂ ਨੂੰ ਕਿਸੇ ਖ਼ਾਸ ਤਰਤੀਬ, ਤੋਲ ਤੇ ਬਹਿਰ/ਵਜ਼ਨ ਵਿਚ ਰੱਖਣ ਨਾਲ ਸ਼ਬਦਾਂ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ, ਜੋ ਸ਼ਿਅਰ ਦੇ ਰੂਪ ਵਿਚ ਉਜਾਗਰ ਹੁੰਦਾ ਹੈ।20

ਗ਼ਜ਼ਲ ਜਾਂ ਨਜ਼ਮ ਵਿਚ ਦੋ ਅੰਤਰ-ਸੰਬੰਧਿਤ ਮਿਸਰਿਆਂ ਨੂੰ, ਜੋ ਇਕੋ ਹੀ ਬਹਿਰ ਵਿਚ ਹੋਣ, ਨੂੰ ਸ਼ਿਅਰ ਕਿਹਾ ਜਾਂਦਾ ਹੈ। ਸ਼ਿਅਰ ਦੀ ਦੂਜੀ ਤੁਕ ਵੀ ਤੁਕਾਂਤ-ਯੁਕਤ ਹੋਣੀ ਚਾਹੀਦੀ ਹੈ। ਗ਼ਜ਼ਲ ਦੇ ਸ਼ਿਅਰ ਅਸਲ ਵਿਚ ਇਕ ਕਾਵਿਕ-ਇਕਾਈ ਹੁੰਦੇ ਹਨ ਜਾਂ ਇਹ ਕਹਿ ਲਈਏ ਕਿ ਇਕ ਸੰਪੂਰਨ ਅਰਥਪੂਰਨ ਇਕਾਈ ਹੁੰਦੇ ਹਨ। ਥੀਮਿਕ ਪੱਖੋਂ ਇਕ ਸ਼ਿਅਰ ਦੂਜੇ ਸ਼ਿਅਰ ਨਾਲੋਂ ਭਿੰਨਤਾ ਦਾ ਧਾਰਨੀ ਹੋ ਸਕਦਾ ਹੈ ਕਿਉਂਕਿ ਗ਼ਜ਼ਲ ਦਾ ਸ਼ਿਅਰ ਇਕ ਦੂਜੇ ਤੋਂ ਪੂਰਨ ਸੁਤੰਤਰ ਹੁੰਦਾ ਹੈ।

(੪). ਮਕਤਾ
ਅਰਬੀ ਭਾਸ਼ਕ ਸ਼ਬਦ ਹੈ ਜਿਸਦਾ ਅਰਥ ਹੈ:- 'ਕੱਟਿਆ ਹੋਇਆ'। ਜੋ ਗ਼ਜ਼ਲ ਦੇ ਅੰਤ ਵਿਚ ਉਚਾਰਿਆ ਜਾਂ ਲਿਖਿਆ ਜਾਂਦਾ ਹੈ, ਉਸਨੂੰ ਮਕਤਾ ਕਿਹਾ ਜਾਂਦਾ ਹੈ। ਵਾਸਤਵ ਵਿਚ ਇਕ ਗ਼ਜ਼ਲ ਵਿਚ ਜੋ ਭਾਵ-ਪ੍ਰਬੰਧ ਉਸਾਰਿਆ ਜਾਂਦਾ ਹੈ, ਜਿਹੜਾ ਵਿਚਾਰ-ਤੰਤਰ ਸਿਰਜਿਆ ਜਾ ਰਿਹਾ ਹੁੰਦਾ ਹੈ, ਉਸ ਤੇ ਰੋਕ ਮਕਤਾ ਹੀ ਲਾਉਂਦਾ ਹੈ।
ਮਕਤੇ ਵਿਚ ਅਕਸਰ ਸ਼ਾਇਰ ਦਾ ਤਖ਼ੱਲਸ/ਉਪਨਾਮ/ਨਾਮ/ ਗੋਤ ਆਦਿ ਦਾ ਜ਼ਿਕਰ ਹੁੰਦਾ ਹੈ। ਇਸ ਦਾ ਮਕਸਦ ਸਿਰਫ਼ ਗ਼ਜ਼ਲ ਨੂੰ ਵਿਅਕਤੀ ਵਿਸ਼ੇਸ਼ ਨਾਲ ਸੰਬੰਧਿਤ ਕਰਨ ਹਿਤ ਲਿਖਿਆ ਜਾਂਦਾ ਹੈ। ਪਰ ਆਧੁਨਿਕ ਗ਼ਜ਼ਲ ਵਿਚ ਤਖ਼ੱਲਸ ਆਦਿ ਰਹਿਤ ਮਕਤੇ ਦੀ ਰਚਨਾ ਵੀ ਹੋਈ ਹੈ। ਇਕ ਤਰ੍ਹਾਂ ਨਾਲ ਮਕਤਾ ਗ਼ਜ਼ਲ ਦਾ ਆਖਰੀ ਸ਼ਿਅਰ ਹੀ ਹੁੰਦਾ ਹੈ:
ਗ਼ਜ਼ਲ ਦੇ ਮਕਤੇ ਤੋਂ ਭਾਵ ਉਹ ਸ਼ਿਅਰ ਹੈ ਜੋ ਗ਼ਜ਼ਲ ਦੀ ਸਮਾਪਤੀ ਵਜੋਂ ਰਚਿਆ ਜਾਂਦਾ ਹੈ ਤੇ ਜਿਸ ਵਿਚ ਸ਼ਾਇਰ ਦਾ ਤਖ਼ੱਲਸ ਜਾਂ ਉਪਨਾਮ ਵੀ ਆ ਜਾਂਦਾ ਹੈ। ਇਹ ਸ਼ਾਇਰ ਦੀ ਆਪਣੀ ਰਚਨਾ ਤੇ ਲਾਈ ਇਕ ਮੋਹਰ ਹੈ, ਕੀਤੇ ਦਸਤਖ਼ਤ ਹਨ।21

ਅਜੋਕੀ ਗ਼ਜ਼ਲ ਵਿਚ ਮਕਤਾ ਉਪਨਾਮ/ਤਖ਼ੱਲਸ ਵਿਹੂਣਾ ਵੀ ਹੈ। ਕਿਉਂਕਿ ਇਹਨਾਂ ਦੀ ਵਰਤੋਂ ਉਸ ਸਮੇਂ ਇਕ ਲੋੜ ਸੀ, ਜਦੋਂ ਛਾਪੇਖਾਨੇ ਦੀ ਅਣਹੋਂਦ ਸੀ। ਪਰ ਅੱਜ ਇਹ ਸਮੱਸਿਆਕਾਰ ਨਹੀਂ ਹੈ। ਅਜੋਕੀ ਗ਼ਜ਼ਲ ਵਿਚ ਤਖ਼ੱਲਸ ਮਕਤੇ ਵਿਚ ਇਕ ਅਰਥਪੂਰਨ ਇਕਾਈ ਵਜੋਂ ਪ੍ਰਯੋਗ ਕੀਤੇ ਜਾਂਦੇ ਹਨ:
ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦਾ ਪਾਤਰ,
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ।22

(੫)ਬਹਿਰ
ਹਰ ਸ਼ਿਅਰ ਇਕ ਵਿਸ਼ੇਸ਼ ਧੁਨੀਆਤਮਕ ਲੈਅ/ਚਾਲ ਦਾ ਧਾਰਨੀ ਹੁੰਦਾ ਹੈ। ਇਹੀ ਬਹਿਰ ਹੁੰਦਾ ਹੈ। ਰੁਕਨ ਬਹਿਰਾਂ ਦੀ ਰਚਨਾ ਕਰਦੇ ਹਨ। ਪ੍ਰੋ. ਗੁਰਦਿਆਲ ਆਰਿਫ਼ ਦਾ ਮਤ ਹੈ:
ਵੱਖ ਵੱਖ ਧੁਨੀ ਖੰਡਾਂ ਦੇ ਨਿਸ਼ਚਿਤ ਗਿਣਤੀ ਵਿਚ ਲੈਅ ਮਈ ਪ੍ਰਬੰਧ ਨੂੰ ਬਹਿਰ ਕਹਿੰਦੇ ਹਨ।23

ਵੱਖ-ਵੱਖ ਵਿਦਵਾਨਾਂ ਨੇ ਛੰਦ-ਸ਼ਾਸਤਰ ਵਿਚ 19 ਬਹਿਰਾਂ ਦੀ ਨਿਸ਼ਾਨਦੇਹੀ ਕੀਤੀ ਹੈ। ਡਾ. ਐਸ. ਤਰਸੇਮ ਨੇ ਇਹਨਾਂ 19 ਬਹਿਰਾਂ ਨੂੰ ਸਾਬਤ ਬਹਿਰਾ ਦਾ ਨਾਮ ਦਿੱਤਾ ਹੈ। ਪਰ ਰੁਕਨਾ ਵਿਚ ਜਿਹਾਫ/ਕਾਂਟ-ਛਾਂਟ ਕਰਕੇ ਇਸ ਤੋਂ ਅੱਗੇ 100 ਬਹਿਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਅਰੂਜ਼ੀ ਬਹਿਰਾਂ ਤੋਂ ਇਲਾਵਾ ਪੰਜਾਬੀ ਪਿੰਗਲ ਵੀ ਛੰਦਾਂ ਦੀ ਗਿਣਤੀ ਨਿਸ਼ਚਿਤ ਕਰਦਾ ਹੈ।24

ਡਾ. ਨਰੇਸ਼ ਅਰੂਜ਼ੀ ਦਾ ਬਹਿਰ ਬਾਰੇ ਮੱਤ ਹੈ :
ਉਰਦੂ ਵਿਚ ਕਿਉਂਕਿ 'ਬਹਿਰ' ਦਾ ਅਰਥ ਇਕ ਨਿਸ਼ਚਿਤ ਵਜ਼ਨ ਹੈ ਇਸ ਲਈ ਉਰਦੂ ਛੰਦ-ਸ਼ਾਸਤਰ ਵਿਚ ਲੈਅ ਦੀ ਪ੍ਰਧਾਨਤਾ ਨੂੰ ਹੀ ਪ੍ਰਮੁੱਖ ਮੰਨਿਆ ਜਾਂਦਾ ਹੈ।25

(੬). ਵਜ਼ਨ
ਕਿਸੇ ਵੀ ਬਹਿਰ ਵਿਚ ਪ੍ਰਯੋਗਤ ਸ਼ਾਬਦਿਕ ਉਚਾਰਣ ਵਿਚ ਖਰਚ ਸਮੇਂ ਨੂੰ ਵਜ਼ਨ ਤੋਲ ਕਿਹਾ ਜਾਂਦਾ ਹੈ। ਵਜ਼ਨ ਨੂੰ ਮਾਪਣ ਦੇ ਭਾਰਤੀ/ਪੰਜਾਬੀ ਪਿੰਗਲ ਅਤੇ ਅਰੂਜ਼ ਦਾ ਆਪਣਾ ਆਪਣਾ ਨੇਮ ਪ੍ਰਬੰਧ ਹੈ। ਭਾਰਤੀ ਪਿੰਗਲ ਦੇ ਵਜ਼ਨ ਨੂੰ ਮਾਪਣ ਦੇ ਯੰਤਰਾਂ ਵਿਚ ਵਰਣਾਂ ਅਤੇ ਮਾਤਰਾਵਾਂ ਦੀ ਗਿਣਤੀ ਕਰਨਾ ਜ਼ਿਕਰਯੋਗ ਹੈ। ਅਰੂਜ਼ ਵਿਚ ਇਹ ਕੰਮ ਅੱਖਰਾਂ ਦੀ ਹਰਕਤ ਪਛਾਣ ਕੇ ਕੀਤਾ ਜਾਂਦਾ ਹੈ। ਅਰਬੀ/ਫ਼ਾਰਸੀ/ਉਰਦੂ ਜ਼ੁਬਾਨਾਂ ਵਿਚ ਲਗਾਂ-ਮਾਤਰਾਂ ਦੀ ਲਗਭਗ ਅਣਹੋਂਦ ਹੀ ਹੈ:

ਪਿੰਗਲ ਅਨੁਸਾਰ ਕਿਸੇ ਕਵਿਤਾ ਦਾ ਤੋਲ/ਵਜ਼ਨ ਮਿੱਥਣ ਦੇ ਦੋ ਢੰਗ ਹਨ। ਇਕ ਢੰਗ ਅਨੁਸਾਰ ਤੁਕਦੇ ਕੇਵਲ ਵਰਣ ਗਿਣੇ ਜਾਂਦੇ ਹਨ। ਦੂਜੇ ਢੰਗ ਅਨੁਸਾਰ ਤੁਕ ਦੀਆ ਮਾਤਰਾਵਾਂ ਗਿਣੀਆਂ ਜਾਂਦੀਆਂ ਹਨ। ਅਰਬੀ ਫ਼ਾਰਸੀ ਅਤੇ ਉਰਦੂ ਵਿਚ ਅਰਬੀ ਛੰਦ-ਪ੍ਰਬੰਧ ਅਰੂਜ ਨੂੰ ਮਾਨਤਾ ਪ੍ਰਾਪਤ ਹੈ। ਇਸ ਲਈ ਅਰਬੀ, ਫਾਰਸੀ ਤੇ ਉਰਦੂ ਦੇ ਸ਼ਾਇਰ ਅੱਖਰਾਂ ਦੀਆਂ ਹਰਕਤਾਂ ਵੇਖਦੇ ਹਨ। ਕਾਰਨ ਇਹ ਹੈ ਕਿ ਇਹਨਾਂ ਭਾਸ਼ਾਵਾਂ ਵਿਚ ਅੱਖਰਾਂ ਦੇ ਨਾਲ ਲਗਾਂਮਾਤਰਾ ਦਾ ਉਹ ਪੂਰਾ ਵਿਧਾਨ ਨਹੀਂ ਹੈ ਜੋ ਸੰਸਕ੍ਰਿਤੀ ਹਿੰਦੀ, ਪੰਜਾਬੀ ਅਤੇ ਉੱਤਰੀ ਭਾਰਤੀ ਭਾਸ਼ਾਵਾਂ ਵਿਚ ਹੈ।26

(੭). ਰੁਕਨ (ਗਣ)
ਬਹਿਰ ਦੀ ਰਚਨਾ ਰੁਕਨ/ਗਣ ਦੀ ਭੂਮਿਕਾ ਪ੍ਰਮੁੱਖ ਹੈ। ਅਰੂਜ਼ੀ ਛੰਦ-ਪ੍ਰਬੰਧ ਵਿਚ ਕੁਝ ਰੁਕਨਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਹ ਰੁਕਨ ਇਕ ਵਜ਼ਨ/ਤੋਲ ਅਨੁਸਾਰੀ ਹੁੰਦੇ ਹਨ। ਡਾ. ਤਰਸੇਮ ਦਾ ਮਤ ਹੈ :
ਭਾਰਤੀ ਛੰਦ-ਸ਼ਾਸਤਰ ਵਿਚ ਲਘੂ ਅਤੇ ਗੁਰੂ ਵਰਣਾਂ ਦੇ ਮੇਲ ਤੋਂ ਭਿੰਨਭਿੰਨ ਰੂਪ ਮਿਲਦੇ ਹਨ। ਤੋਲ ਦੇ ਇਹਨਾਂ ਰੂਪਾਂ ਨੂੰ ਗਣ ਕਹਿੰਦੇ ਹਨ। ਅਰਬੀ ਵਿਚ ਇਹਨਾਂ ਨੂੰ 'ਰੁਕਨ' ਕਹਿੰਦੇ ਹਨ।27
ਰੁਕਨ ਬਾਰੇ ਇਕ ਹੋਰ ਵਿਦਵਾਨ ਆਪਣੀ ਰਾਏ ਪ੍ਰਸਤੁਤ ਕਰਦਾ ਹੈ: ਬਹਿਰ ਤੱਕੜੀ ਦੇ ਸ਼ਿਅਰ ਤੋਲਣ ਲਈ ਅਰਜ਼ੀ ਵਿਦਵਾਨਾਂ ਨੇ ਕੁਝ ਸ਼ਬਦਟੁਕੜੀਆਂ(ਤੋਲ) ਬਣਾਈਆਂ ਹਨ ਜਿਨ੍ਹਾਂ ਨੂੰ 'ਰੁਕਨ' ਕਹਿੰਦੇ ਹਨ। ਜਿਵੇਂਫ਼ਾਇਲਾਤੁਨ, ਮੁਫ਼ਾਈਲੁਨ, ਫ਼ਊਲੁਨ ਆਦਿ।

(੮). ਕਾਫ਼ੀਆ
'ਕਾਫ਼ੀਆ' ਅਰਬੀ ਮੂਲ ਦਾ ਸ਼ਬਦ ਹੈ ਜਿਸਦਾ ਕੋਸ਼ਗਤ ਅਰਥ ਵਾਰ-ਵਾਰ ਪਿਛੇ ਆਉਣਾ ਹੈ। ਕਵਿਤਾ/ਗ਼ਜ਼ਲ ਵਿਚ ਕਾਫ਼ੀਆ ਉਹ ਸ਼ਬਦ ਹੈ, ਜੋ ਸ਼ਿਅਰ ਦੇ ਅੰਤ ਤੇ ਅਤੇ ਰਦੀਫ਼ ਤੋਂ ਪਹਿਲਾਂ ਆਉਂਦਾ ਹੈ। ਇਹ ਹਮੇਸ਼ਾ ਤੁਕਾਂਤ ਯੁਕਤ ਹੁੰਦਾ ਹੈ। ਦੀਪਕ ਜੈਤੋਈ ਦੇ ਸ਼ਬਦਾਂ ਵਿਚ:
ਕਵਿਤਾ ਵਿਚ ਉਹਨਾਂ ਅੱਖਰਾਂ ਨੂੰ ਜਿਹੜੇ ਰਦੀਫ਼ ਤੋਂ ਪਹਿਲਾਂ ਆਉਂਦੇ ਹਨ ਤੇ ਉਹਨਾਂ ਵਿਚ ਇਕ ਜਾਂ ਇਕ ਤੋਂ ਵੱਧ ਅੱਖਰਾਂ ਦੀ ਸਾਂਝ ਹੁੰਦੀ ਹੈ, ਨੂੰ ਕਾਫ਼ੀਆ ਆਖਦੇ ਹਨ।28
ਭਾਰਤੀ ਛੰਦ-ਵਿਧਾਨ ਵਿਚ ਕਾਫ਼ੀਏ ਨੂੰ 'ਅੰਤਯ ਅਨੁਪ੍ਰਾਸ' ਦਾ ਨਾਮ ਦਿੱਤਾ ਗਿਆ ਹੈ। ਪ੍ਰੋ. ਗੁਰਦਿਆਲ ਸਿੰਘ ਆਰਿਫ਼ ਇਸ ਬਾਰੇ ਲਿਖਦੇ ਹਨ:
ਕਵਿਤਾ ਵਿਚ ਆਮ ਤੌਰ ਤੇ ਪੰਕਤੀਆ ਦੇ ਅੰਤ ਤੇ ਅਜਿਹੇ ਸ਼ਬਦ ਵਰਤੇ ਜਾਂਦੇ ਹਨ, ਜਿਨ੍ਹਾਂ ਦੀ ਇਕੋ ਜਿਹੀ ਆਵਾਜ਼ ਹੁੰਦੀ ਹੈ। ਸ਼ਬਦਾਂ ਦੀ ਪ੍ਰਸਪਰ ਇਕਸੁਰਤਾ ਨੂੰ ਕਾਫ਼ੀਆ ਜਾਂ ਤੁਕਾਂਤ ਜਾਂ ਅੰਤ ਅਨੁਪ੍ਰਾਸ ਕਹਿੰਦੇ ਹਨ।29

ਉਦਾਹਰਣ ਪੇਸ਼ ਹੈ:
ਇਹ ਕੀ ਹਵਾ ਫਿਰ ਗਈ ਹੈ ਦੁਨੀਆ ਬਦਲ ਕਿਉਂ ਗਈ ਹੈ।
ਹਰ ਦਿਲ ਦੇ ਵਿਚੋਂ ਮੁਹੱਬਤ ਯਾਰੋ ਨਿਕਲ ਕਿਉਂ ਗਈ ਹੈ।

ਕਾਫ਼ੀਆ ਤਿੰਨ ਕਿਸਮਾਂ ਦਾ ਹੁੰਦਾ ਹੈ-
ੳ. ਸਹੀ ਕਾਫ਼ੀਏ
ਇਹਨਾਂ ਕਾਫ਼ੀਆਂ ਦੇ ਅੱਖਰਾਂ/ਮਾਤਰਾ ਦੀ ਸਾਂਝ ਬਿਲਕੁਲ ਇਕ ਸੁਰਤਾ ਵਿਚ ਪਰੋਈ ਗਈ ਹੁੰਦੀ ਹੈ। ਜਿਵੇਂ ਕੁਹਰਾਮ-ਕਤਲਾਮ, ਸਹਾਰਾ-ਕਿਨਾਰਾ ਆਦਿ।
ਅ. ਸੁਸਤ ਕਾਫ਼ੀਏ
ਇਹਨਾਂ ਵਿਚ ਅੱਖਰਾਂ/ਮਾਤਰਾਂ ਬੇਮੇਲ ਹੁੰਦੇ ਹਨ ਪਰ ਮੂਲ ਅੱਖਰ/ਮਾਤਰਾ ਸਾਂਝੇ ਹੁੰਦੇ ਹਨ। ਜਿਵੇਂ ਰਸਤਾ, ਫਿੱਕਾ, ਜ਼ਿੰਦਗੀ-ਆਸ਼ਕੀ ਆਦਿ।
(ੲ) ਵਿਕਟ ਕਾਫ਼ੀਏ-
ਇਹਨਾਂ ਵਿਚ ਅੱਖਰਾਂ/ਮਾਤਰਾਂ ਨਾਲੋਂ ਧੁਨੀਆਤਮਕ ਸਾਂਝ ਹੁੰਦੀ ਹੈ।
ਜਿਵੇਂ ਪੈਣਾ-ਗਹਿਣਾ, ਵੈਰ-ਜ਼ਹਿਰ ਆਦਿ।
ਕਾਫ਼ੀਏ ਦਾ ਮੁਖ ਕਾਰਜ ਗ਼ਜ਼ਲ ਨੂੰ ਲੈਅਬੱਧ ਅਤੇ ਸੰਗੀਤ ਬੱਧ ਕਰਨ ਵਿਚ ਹੈ।

(੯). ਰਦੀਫ਼
ਗ਼ਜ਼ਲ ਦੇ ਮਤਲੇ, ਸ਼ਿਅਰ ਅਤੇ ਮਕਤੇ ਦੀ ਅੰਤਲੀ ਤੁਕ ਦੇ ਅੰਤ ਵਿਚ ਕਾਫ਼ੀਏ ਤੋਂ ਬਾਦ ਵਰਤੇ ਜਾਣ ਵਾਲੇ ਸ਼ਬਦ ਨੂੰ ਰਦੀਫ਼ ਕਿਹਾ ਗਿਆ ਹੈ। ਡਾ. ਐਸ ਤਰਸੇਮ ਅਨੁਸਾਰ:
ਰਦੀਫ਼ ਗ਼ਜ਼ਲ ਜਾਂ ਕਿਸੇ ਵੀ ਹੋਰ ਸਿਨਫ਼-ਏ-ਸੁਖ਼ਨ ਵਿਚ ਮਤਲਾ ਜਾਂ ਪਿਆਰ ਦੇ ਦੂਜੇ ਮਿਸਰੇ ਵਿਚ ਆਉਣ ਵਾਲਾ ਉਹ ਸ਼ਬਦ ਜਾਂ ਵਾਕੰਸ਼ ਹੈ ਜੋ ਕਾਫ਼ੀਏ ਤੋਂ ਪਿਛੋਂ ਆਉਂਦਾ ਹੈ।30

ਆਧੁਨਿਕ ਪੰਜਾਬੀ ਗ਼ਜ਼ਲ ਵਿਚ ਰਦੀਫ਼-ਵਿਹੁਣੇ ਸ਼ਿਅਰਾਂ ਦਾ ਰਿਵਾਜ ਵੀ ਪੈ ਚੁੱਕਾ ਹੈ। ਡਾ. ਜਗਤਾਰ ਦਾ ਇਕ ਮਤਲਾ ਪੇਸ਼ ਹੈ:
ਘਰ ਦੇ ਦਰਵਾਜ਼ੇ ਤੋਂ ਆਪਣੇ ਨਾਮ ਦੀ ਤਖ਼ਤੀ ਉਤਾਰ
ਏਸ ਵਿਚ ਖਤਰੇ ਛੁਪੇ ਹੋਏ ਨੇ ਅੱਜ ਕੱਲ੍ਹ ਬੇਸ਼ੁਮਾਰ।
ਰਦੀਫ਼ ਗ਼ਜ਼ਲ ਦੇ ਮਿਸਰਿਆਂ ਵਿਚ ਉਹੀ ਵਰਤੋਂ ਵਿਚ ਆਉਂਦਾ ਹੈ ਪਰ ਕਾਫ਼ੀਆ ਲਗਾਤਾਰ ਬਦਲਦਾ ਰਹਿੰਦਾ ਹੈ। ਸੁਲੱਖਣ ਸਰਹੱਦੀ ਦੇ ਰਦੀਫ਼ ਬਾਰੇ ਵਿਚਾਰ ਇਸ ਤਰ੍ਹਾ ਹਨ:

ਰਦੀਫ਼ ਦਾ ਅੱਖਰੀ ਅਰਥ ਘੋੜੇ ਦਾ ਪਿਛਲਾ ਸਵਾਰ ਹੁੰਦਾ ਹੈ। ਘੋੜੇ ਦੀ ਲਗਾਮ ਅਗਲੇ ਸਵਾਰ ਕੋਲ ਹੁੰਦੀ ਹੈ। ਇਸ ਤਰ੍ਹਾਂ ਕਾਫ਼ੀਏ ਦੇ ਹੱਥ ਵਿਚ ਜੁੰਬਸ਼ ਅਤੇ ਹਰਕਤ ਹੁੰਦੀ ਹੈ। ਉਹ ਸ਼ਬਦਾਂ ਦੇ ਘੋੜੇ ਨੂੰ ਡਾਂਸ ਵੀ ਕਰਵਾ ਸਕਦਾ ਹੈ ਅਤੇ ਦੌੜਾ ਵੀ ਸਕਦਾ ਹੈ। ਅਰੂਜ਼ੀ ਭਾਸ਼ਾ ਵਿਚ ਸ਼ਿਅਰ ਵਿਚ ਉਹ ਸ਼ਬਦ ਜਾਂ ਸ਼ਬਦਾਂ ਦਾ ਸਮੂਹ ਹੁੰਦਾ ਹੈ ਜੋ ਕਾਫ਼ੀਏ ਦੇ ਪਿਛੇ ਇਕਹਿਰੇ ਰੂਪ ਵਿਚ ਬਾਰ ਬਾਰ ਆਉਂਦਾ ਹੈ।31
ਰਦੀਫ਼ ਇਕ-ਸ਼ਬਦੀ, ਦੋ-ਸ਼ਬਦੀ, ਤਿੰਨ-ਸ਼ਬਦੀ ਵੀ ਪ੍ਰਯੋਗ ਵਿਚ ਆਏ ਹਨ।
ਇਹਨਾਂ ਸ਼ਿਅਰਾਂ ਦੀਆ ਉਦਾਹਰਣਾਂ ਪੇਸ਼ ਹਨ:
ਆਦਮੀ ਮੌਤ ਦੇ ਵੱਲ ਜਾਂਦਾ ਏ ਹੌਲੀ-ਹੌਲੀ।
ਚੰਦ ਮੁਖ ਰੇਤ 'ਚ ਰਲ ਜਾਂਦਾ ਏ ਹੌਲੀ-ਹੌਲੀ। (ਸੁਰਜੀਤ ਪਾਤਰ)
ਲੋਕ ਪੱਥਰ ਵੇਚਦੇ ਨੇ ਸ਼ੀਸ਼ਿਆਂ ਦੇ ਨਾਲ-ਨਾਲ।
ਹਾਵਾਂ ਭਾਵਾਂ ਤੇ ਨਜਰ ਰੱਖ, ਚਿਹਰਿਆਂ ਦੇ ਨਾਲ-ਨਾਲ। (ਡਾ. ਜਗਤਾਰ)
ਪਿਆਰ ਵਿਚ ਮਿਲਿਆ ਜਦੋਂ ਇਨਕਾਰ ਤੇਰੇ ਸ਼ਹਿਰ ਦਾ ।
ਬਣ ਗਿਆ ਮੁਸ਼ਤਾਕ ਫਿਰ ਫਨਕਾਰ ਤੇਰੇ ਸ਼ਹਿਰ ਦਾ। (ਮੁਸ਼ਤਾਕ ਵਾਰਸੀ)
ਜਦ ਜਦ ਵੀ ਇਹ ਜ਼ਿੰਦਗੀ ਦਾ ਹੈ ਗੰਧਲਿਆ ਪਾਣੀ।
ਮੈਂ ਫਿਰ ਵੀ ਹੈ ਭਾਲਿਆ ਕਿਧਰੋਂ ਨਿਤਰਿਆ ਪਾਣੀ। (ਡਾ. ਐਸ. ਤਰਸੇਮ )

ਰਦੀਫ਼ ਦੋ ਕਿਸਮਾਂ ਦੇ ਹਨ
ੳ. ਸੁਤੰਤਰ ਰਦੀਫ਼
ਇਹ ਰਦੀਫ਼ ਪੂਰਨ ਅਜਾਦ ਹੁੰਦੇ ਹਨ ਜਿਵੇ:
ਕਿੰਨਾ ਫਿਕਰ ਗ਼ਜ਼ਲਗੋ ਕਰਦੇ ਨਿੱਕੀ ਇਕ ਸਿਹਾਰੀ ਦਾ।
ਐਪਰ ਚੇਤਾ ਭੁੱਲ ਜਾਂਦੇ ਨੇ ਦਿਲ ਤੇ ਚਲਦੀ ਆਰੀ ਦਾ।

ਅ. ਮਿਸ਼ਰਤ ਰਦੀਫ਼
ਇਸ ਕਿਸਮ ਦੇ ਰਦੀਫ਼ ਕਾਫ਼ੀਏ ਨਾਲ ਸੰਮਿਲਤ ਰੂਪ ਵਿਚ ਦ੍ਰਿਸ਼ਮਾਨ ਹੁੰਦੇ ਹਨ। ਜਿਵੇ:
ਹਮਦਰਦ ਅਲਗ ਰੋਂਦੇ, ਬੇਗਾਨੇ ਵੱਖ ਹੱਸਦੇ।
ਜੋ ਬੀਤੀ ਸਾਡੇ ਤੇ, ਲੋਕਾਂ ਨੂੰ ਕੀ ਦੱਸਦੇ?
ਬਚ ਰਹਿੰਦਾ ਬਾਗ ਕਿਵੇਂ, ਵਰਦੀ ਸੀ ਅੱਗ ਧੁੱਪ ਦੀ,
ਫੁੱਲ ਕਿੱਥੇ ਜਾ ਲੁਕਦੇ, ਕਿਧਰ ਨੂੰ ਰੁੱਖ ਨੱਸਦੇ?
ਉਪਰੋਕਤ ਗ਼ਜ਼ਲ ਵਿਚ 'ਹੱਸ', 'ਦਸ', 'ਨੱਸ' ਕਾਫ਼ੀਏ ਹਨ ਅਤੇ 'ਦੋ' ਰਦੀਫ਼ ਹੈ ਜੋ ਕਾਫ਼ੀਏ ਨਾਲ ਸੰਮਿਲਤ ਰੂਪ ਦਰਸਾਉਂਦਾ ਹੈ।

ਗ਼ਜ਼ਲ ਦੀਆਂ ਕਿਸਮਾਂ
ਗ਼ਜ਼ਲ ਅਜਿਹੀ ਵਿਧਾ ਹੈ ਜਿਸ ਵਿਚ ਵਿਭਿੰਨ ਵੰਨਗੀਆਂ ਦੀ ਨਿਸ਼ਾਨਦੇਹੀ ਹੋਈ ਹੈ। ਜੇਕਰ ਵਿਚਾਰ ਪੱਖੋਂ ਪਰਖੀਏ ਤਾਂ ਇਹ ਦੋ ਕਿਸਮਾਂ ਦੀ ਹੀ ਉਜਾਗਰ ਹੁੰਦੀਆਂ ਹਨ।

(੧). ਮੁਸੱਲਸਲ ਗ਼ਜ਼ਲ
ਗ਼ਜ਼ਲ ਦੀ ਇਸ ਵੰਨਗੀ ਵਿਚ ਵੱਥ ਦੀ ਏਕਤਾ ਹੁੰਦੀ ਹੈ। ਇੱਕੋ ਵੱਥ ਗ਼ਜ਼ਲ ਦੇ ਮਤਲੇ ਤੋਂ ਲੈ ਕੇ ਮਕਤੇ ਤੱਕ ਕਾਰਜਸ਼ੀਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਇਕ ਵਿਸ਼ਾ-ਏਕਤਾ ਕਾਇਮ ਰਹਿਣੀ ਇਸ ਗ਼ਜ਼ਲ ਦੀ ਸੰਰਚਨਾ ਦਾ ਮੋਢੀ ਲੱਛਣ ਹੈ। ਉਦਾਹਰਣ ਲਈ ਅਸੀਂ ਡਾ. ਜਗਤਾਰ ਦੀ ਲਾਹੌਰ ਸ਼ਹਿਰ ਦੀ ਯਾਦ ਵਿਚ ਲਿਖੀ ਗ਼ਜ਼ਲ ਪੇਸ਼ ਕਰਦੇ ਹਾਂ:

ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਾਹੌਰ।
ਹੁਣ ਤਰਸਦੇ ਹਾਂ ਜਾਣ ਨੂੰ ਉਸ ਰਾਂਗਲੇ ਲਾਹੌਰ।
ਕੈਸੀ ਦੋਸਤੀ ਤੇ ਇਹ ਕੈਸੀ ਹੈ ਦੁਸ਼ਮਣੀ,
ਧੂੰਆਂ ਛਕੋ ਤਾਂ ਰੋ ਪਵੇ ਲਗ ਕੇ ਗਲੇ ਲਾਹੌਰ।
ਮਾਧੋ ਦੇ ਵਾਂਗ ਹੋਏਗੀ ਹਾਲਤ ਹੁਸੈਨ ਦੀ,
ਏਧਰ ਹਨੇਰ ਦਰਦ ਦਾ ਪਰ ਦਿਲ ਜਲੇ ਲਾਹੌਰ।
ਪਾਰ ਦੇ ਵਾਂਗ ਥਰਕਦੇ ਲਾਟਾਂ ਜਹੇ ਬਦਨ,
ਕੀ ਦੋਸਤੋ ਨਿਕਲਦੇ ਨੇ ਹੁਣ ਦਿਨ ਢਲੇ ਲਾਹੌਰ।
ਟੁੱਟਣੀ ਕਦੇ ਵੀ ਸਾਂਝ ਨਾ ਲੋਕਾਂ ਦੇ ਦਰਦ ਦੀ,
ਦਿੱਲੀ ਵਲੇ, ਵਲੇ ਪਿਆ ਲੱਖ ਵਾਗਲੇ ਲਾਹੌਰ।
ਮਿਰਾ ਸਲਾਮ ਹੈ ਮਿਰਾ ਸਜਦਾ ਹੈ ਬਾਰ ਬਾਰ,
ਕਬਰਾਂ 'ਚ ਯਾਰ ਸੌ ਰਹੇ ਜੋ ਰਾਂਗਲੇ ਲਾਹੌਰ।
ਦਿਲ ਤੋਂ ਕਰੀਬ ਜਾਨ ਤੋਂ ਪਿਆਰਾ ਹੈ ਜੋ ਅਜੇ,
ਉਹ ਦੂਰ ਹੋ ਗਿਆ ਹੈ ਜਾ ਕੇ ਲਾਗਲੇ ਲਾਹੌਰ।
'ਜਗਤਾਰ' ਦੀ ਦੁਆ ਹੈ ਤੂੰ ਯਾ ਰੱਬ! ਕਬੂਲ ਕਰ,
ਦਿੱਲੀ 'ਚ ਹੋਵੇ ਚਾਨਣਾ ਦੀਵਾ ਬਲੇ ਲਾਹੌਰ।32

(੨)ਗ਼ੈਰ-ਮੁਸੱਲਸਲ
ਗ਼ਜ਼ਲ ਦੀ ਪਹਿਲੀ ਵੰਨਗੀ ਤੋਂ ਉਲਟ ਇਸ ਵਿਚ ਵਿਚਾਰਕ-ਏਕਤਾ ਦੀ ਥਾਂ, ਵਿਚਾਰਕ ਵਿਭਿੰਨਤਾ ਅੰਤਰ ਨਿਹਿਤ ਜੱਜ ਵਜੋਂ ਕਾਰਜਸ਼ੀਲ ਹੁੰਦੀ ਹੈ। ਗ਼ਜ਼ਲ, ਮਤਲੇ ਤੋਂ ਸ਼ਿਅਰਾਂ ਫਿਰ ਮਕਤੇ ਤੱਕ ਵੱਖ ਵੱਖ ਵਿਚਾਰਾਂ/ਵੱਥਾਂ ਨੂੰ ਪ੍ਰਗਟ ਕਰਦੀ ਹੈ। ਹਰੇਕ ਸ਼ਿਅਰ ਵੱਖਰੇ ਸੰਕਲਪ, ਮੂਡ, ਭਾਵ, ਪ੍ਰਸੰਗ ਦਾ ਧਾਰਨੀ ਹੁੰਦਾ ਹੈ। ਇਸ ਵੰਨਗੀ ਦੀ ਇਕ ਗ਼ਜ਼ਲ ਪੇਸ਼ ਕਰਦੇ ਹਾਂ:

ਤੇਰੇ ਪਿਛੋਂ ਕਿਉਂ ਕਰ ਰਹੇ ਇਹ ਮੇਰੇ ਨਾਲ।
ਹਿਜਰ ਵੀ ਹਿਜਰਤ ਕਰੇ ਜਾਂ ਤੇਰੇ ਨਾਲ।
ਕਾਗਜ਼ੀ ਛਤਰੀ ਤੇ ਮਿੱਟੀ ਦੇ ਨੇ ਪੈਰ,
ਕੌਣ ਬਾਰਸ਼ ਵਿਚ ਨਿਭੇਗਾ ਤੇਰੇ ਨਾਲ।
ਵੇਖ ਖੰਡਰ ਘਰ ਵੀ ਲਗਦੇ ਘਰ ਦੇ ਵਾਂਗ,
ਸਿਰਫ ਤੇਰੇ ਸਿਰਫ ਇਕ ਹੀ ਫੇਰੇ ਨਾਲ।
ਅੱਜ ਤਾਈਂ ਕਰ ਰਿਹੈ ਪਿੱਛਾ ਹਨੇਰ,
ਚਾਨਣੀ ਇਕ ਪਲ ਤੁਰੀਂ ਸੀ ਮੇਰੇ ਨਾਲ।
ਖੁਭ ਗਿਆ ਮੇਖਾਂ ਤਰ੍ਹਾਂ ਅੱਖਾਂ 'ਚ ਖਾਬ,
ਵੇਖਿਆ ਇਕ ਅਜਨਬੀ ਜਾਂ ਤੇਰੇ ਨਾਲ।
ਫੇਰ ਵੀ ਰੁੱਸੇ ਰਹੇ ਨੇ ਕੁਝ 'ਚਰਾਗ'
ਉਮਰ ਭਰ ਭਾਵੇਂ ਲੜੇ ਹਾਂ 'ਨ੍ਹੇਰੇ ਨਾਲ।33

ਹਵਾਲੇ ਤੇ ਟਿੱਪਣੀਆਂ
1. ਡਾ. ਨਰੇਸ਼, ਗ਼ਜ਼ਲ ਦੀ ਪਰਖ, ਪੰਨਾ 1.
2. ਡਾ. ਐਸ. ਤਰਸੇਮ, ਗ਼ਜ਼ਲ: ਅਰੂਜ਼ ਤੇ ਪਿੰਗਲ, ਪੰਨਾ 9.
3. ਉਹੀ, ਪੰਨਾ 18.
4. ਡਾ. ਸ਼ਮਸ਼ੇਰ ਮੋਹੀ, ਪੰਜਾਬੀ ਗ਼ਜ਼ਲ ਚਿੰਤਨ, ਪੰਨਾ 118.
5. ਪਿਆਰ ਸਿੰਘ, ਫਾਰਸੀ-ਪੰਜਾਬੀ ਬੋਧ, ਪੰਨਾ 14.
6. ਪੰਜਾਬੀ ਸਾਹਿਤ ਕੋਸ਼, ਪੰਨਾ 208.
7. ਡਾ. ਐਸ. ਤਰਸੇਮ, ਗ਼ਜ਼ਲ: ਅਰੂਜ ਤੇ ਪਿੰਗਲ, ਪੰਨਾ 19.
8. ਉਰਦੂ-ਹਿੰਦੀ ਸ਼ਬਦ ਕੋਸ਼, ਪੰਨਾ 177.
9. The Penguin Dictionary of Literary Terms and Literary Theory, p.343
10. ਗੁਰਦਿਆਲ ਸਿੰਘ ਆਰਿਫ਼, ਪੰਜਾਬੀ ਕਵਿਤਾ ਵਿਚ ਲੈਅ ਪ੍ਰਬੰਧ, ਪੰਨਾ 154.
11. ਸਾਹਿਤ ਕੋਸ਼, ਪੰਨਾ 247.
12. ਡਾ. ਐਸ ਤਰਸੇਮ, ਪੰਜਾਬੀ ਗ਼ਜ਼ਲ ਸ਼ਾਸਤਰ, ਪੰਨਾ 44.
13. ਡਾ. ਸਾਧੂ ਸਿੰਘ ਹਮਦਰਦ, ਗ਼ਜ਼ਲ : ਜਨਮ ਤੇ ਵਿਕਾਸ, ਪੰਨਾ 21.
14. ਡਾ. ਜਸਵੰਤ ਸਿੰਘ ਖ਼ੁਮਾਰ, ਪੰਜਾਬੀ ਗ਼ਜ਼ਲ ਦਾ ਆਲੋਚਨਾਤਮਕ ਅਧਿਐਨ, ਪੰਨੇ 9-10.
15. ਦੀਪਕ ਜੈਤੋਈ, ਗ਼ਜ਼ਲ ਕੀ ਹੈ, ਪੰਨਾ 3.
16. ਮਹਿੰਦਰ ਮਾਨਵ, ਗ਼ਜ਼ਲ ਸ਼ਾਸਤਰ ਦੇ ਦਿਗ, ਦਰਸ਼ਨ, ਪੰਨਾ 17.
17. ਮਾਧਵ ਕੌਸ਼ਿਕ: ਸੁਪਨੇ ਖੁਲੀ ਨਿਗਾਹੋਂ ਕੇ, ਪੰਨਾ 8.
18. ਡਾ. ਐਸ ਤਰਸੇਮ, ਗ਼ਜ਼ਲ : ਅਰੂਜ਼ ਤੇ ਪਿੰਗਲ, ਪੰਨਾ 21
19. ਪੰਜਾਬ ਕੋਸ਼ (ਜਿਲਦ ਪਹਿਲੀ), ਪੰਨਾ 679.
20. ਉਹੀ, ਪੰਨਾ 679.
21. ਡਾ. ਐਸ ਤਰਸੇਮ, ਗ਼ਜ਼ਲ : ਅਰੂਜ਼ ਤੇ ਪਿੰਗਲ, ਪੰਨੇ 24-25.
22. ਉਹੀ, ਪੰਨਾ 26.
23. ਸੁਰਜੀਤ ਪਾਤਰ, ਸੁਰਜਮੀਨ, ਪੰਨਾ 26.
24. ਪ੍ਰੋ. ਗੁਰਦਿਆਲ ਸਿੰਘ ਆਰਿਫ਼, ਪੰਜਾਬੀ ਕਵਿਤਾ ਵਿਚ ਲੈਅ ਪ੍ਰਬੰਧ, ਪੰਨਾ 144.
25. ਡਾ. ਨਰੇਸ਼, ਗ਼ਜ਼ਲ ਦੀ ਪਰਖ, ਪੰਨਾ 4.
26. ਡਾ. ਐਸ. ਤਰਸੇਮ, ਗ਼ਜ਼ਲ : ਅਰੂਜ਼ ਤੇ ਪਿੰਗਲ, ਪੰਨਾ 108.
27. ਉਹੀ, ਪੰਨਾ 111.
28. ਦੀਪਕ ਜੈਤੋਈ, ਗ਼ਜ਼ਲ ਕੀ ਹੈ, ਪੰਨਾ 37.
29. ਪ੍ਰੋ. ਗੁਰਦਿਆਲ ਸਿੰਘ ਆਰਿਫ਼, ਪੰਜਾਬੀ ਕਵਿਤਾ ਵਿਚ ਲੈਅ-ਪ੍ਰਬੰਧ, ਪੰਨਾ 144.
30. ਡਾ. ਐਸ. ਤਰਸੇਮ, ਪੰਜਾਬੀ ਗ਼ਜ਼ਲ ਸ਼ਾਸਤਰ, ਪੰਨਾ 450.
31. ਸੁਲੱਖਣ ਸਰਹੱਦੀ, ਸੰਪੂਰਨ ਪਿੰਗਲ ਤੇ ਅਰੂਜ਼, ਪੰਨਾ 104.
32. ਹਰ ਮੋੜ 'ਤੇ ਸਲੀਬਾਂ, ਪੰਨਾ 75
33. ਮੋਮ ਦੇ ਲੋਕ, ਪੰਨਾ 34

('ਸ਼ੋਧਗੰਗਾ' ਤੋਂ ਧੰਨਵਾਦ ਸਹਿਤ)

Punjabi Ghazals Aashiq Lahore
ਪੰਜਾਬੀ ਗ਼ਜ਼ਲਾਂ ਆਸ਼ਿਕ ਲਾਹੌਰ
1. ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ
ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ ।
'ਮਾਂ-ਬੋਲੀ' ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ ।

ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ ।

ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ ।

ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ ।

ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ ।

ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 'ਆਸ਼ਿਕ' ਇਹ ਤਕਸੀਰਾਂ ।
2. ਲਾਂਬੂ ਸਾਡੇ ਸੀਨੇ ਦੇ ਵਿੱਚ
ਲਾਂਬੂ ਸਾਡੇ ਸੀਨੇ ਦੇ ਵਿੱਚ, ਬਲ਼-ਬਲ਼ ਉਠਦੇ ਹਾਵਾਂ ਨਾਲ ।
ਏਹ ਨਿਰਾਲੀ ਅੱਗ ਨਾ ਬੁੱਝਦੀ, ਯਾਰੋ ਠੰਢੀਆਂ ਛਾਵਾਂ ਨਾਲ ।

ਇਸ਼ਕ ਤਿਰੇ ਵਿੱਚ ਸਭ ਕੁਝ ਖੁੱਸਿਆ, ਦੀਨ ਈਮਾਨ ਤੇ ਦੁਨੀਆਂ ਵੀ,
ਅਪਣੀ ਜ਼ਾਤ-ਸਿਫ਼ਾਤ ਕੀ ਦੱਸੀਏ ? ਸਾਨੂੰ ਕੀ ਹੁਣ ਨਾਵਾਂ ਨਾਲ ।

ਲੱਖਾਂ ਸਾਲ ਇਬਾਦਤ ਕਰਨੀ, ਔਖਾ ਕੰਮ 'ਮਲਾਇਕ' ਦਾ,
ਹੁਕਮ ਕਰੇਂ ਤੇ ਮੈਂ ਵੀ ਰੱਬਾ, ਭਾਰੇ ਭਾਰ ਵੰਡਾਵਾਂ ਨਾਲ ।

ਮਸਜਿਦ-ਮੰਦਰ ਸਭ ਥਾਂ ਲੱਭਿਆ, ਲੱਭ-ਲੱਭ ਕੇ ਲਾਚਾਰ ਹੋਏ,
ਕਿਹੜਾ ਮੂੰਹ ਲੈ ਵਾਪਸ ਜਾਈਏ ? ਆਏ ਹੈਸਾਂ ਚਾਵਾਂ ਨਾਲ ।

ਅਸੀਂ ਨਿਮਾਣੇ ਸਾਦ-ਮੁਰਾਦੇ, ਭਾਰੇ ਦੁੱਖ ਜੁਦਾਈਆਂ ਦੇ,
ਇਸ਼ਕ ਨੇ ਸਾਡਾ ਸਭ ਕੁਝ ਲੁੱਟਿਆ, ਪੁੱਠਿਆਂ ਸਿੱਧਿਆਂ ਦਾਵਾਂ ਨਾਲ ।

ਕਾਸਿਦ ਨੂੰ ਕੀ ਸਾਰ ਹੈ 'ਆਸ਼ਿਕ', ਸਾਡੇ 'ਤੇ ਜੋ ਬੀਤੀ ਹੈ,
ਉਹਦੇ ਵਸ ਦੀ ਗੱਲ ਨਹੀਂ ਲੱਗਦੀ, ਲੱਗੇ ਤੇ ਮੈਂ ਜਾਵਾਂ ਨਾਲ ।

(ਮਲਾਇਕ=ਫ਼ਰਿਸ਼ਤੇ)
3. ਸੌ-ਸੌ ਸਾਲਾਂ ਉਮਰਾਂ ਹੋਈਆਂ
ਸੌ-ਸੌ ਸਾਲਾਂ ਉਮਰਾਂ ਹੋਈਆਂ, ਲੱਗਿਆ ਪਲ ਦਾ ਮੇਲਾ ਸੀ ।
ਜੀਵਨ ਦਾ ਕੋਈ ਮਕਸਦ ਨਾ ਸੀ, ਸਮਝੋ ਮਰਨ ਦਾ ਹੀਲਾ ਸੀ ।

ਅਪਣੇ ਆਪ ਨੂੰ ਕਿਦਾਂ ਬਦਲਾਂ ? ਜਾਨ ਛੁਡਾਵਾਂ ਦੁੱਖਾਂ ਤੋਂ,
ਜਿੱਧਰ ਜਾਵਾਂ ਉੱਧਰ ਅੱਗੇ, ਦੁਖੜਾ ਨਵਾਂ-ਨਵੇਲਾ ਸੀ ।

ਸਿਖਰ-ਦੁਪਹਿਰੇ ਦੁਨੀਆਂ ਦੇ ਵਿੱਚ, ਤੈਨੂੰ ਲੱਭ-ਲੱਭ ਹਾਰ ਗਏ,
ਆਖ਼ਰ ਸ਼ਾਮਾਂ ਪਈਆਂ ਸਾਨੂੰ, ਹੋਇਆ ਵਖ਼ਤ ਕੁਵੇਲਾ ਸੀ ।

ਆਖ਼ਰ ਤੇਰਾ ਦਰਸ਼ਨ ਹੋਇਆ, ਕਿੱਥੇ ਹੋਇਆ, ਸਾਨੂੰ ਕੀ ?
ਮਸਜਿਦ ਸੀ, ਮੰਦਰ ਸੀ, ਯਾ ਫਿਰ, 'ਬਾਲ-ਨਾਥ' ਦਾ ਟਿੱਲਾ ਸੀ ।

ਅਪਣੀ ਅੱਗ ਵਿੱਚ ਆਪੇ ਸੜਕੇ, ਆਖ਼ਰ ਕੁੰਦਨ ਹੋਇਆ ਮੈਂ,
ਉਸ ਦਾ ਰੁਤਬਾ ਉੱਚਾ ਹੋਇਆ, ਜਿਹੜਾ ਸਾਡਾ ਚੇਲਾ ਸੀ ।

ਮੈਨੂੰ ਵਹਿਸ਼ਤ ਦੇ ਵਿੱਚ 'ਆਸ਼ਿਕ', ਦੂਰ ਨਹੀਂ ਜਾਣਾ ਪੈਂਦਾ ਸੀ,
ਮੇਰੇ ਅਪਣੇ ਜ਼ਿਹਨ ਦੇ ਅੰਦਰ, ਵੱਡਾ ਜੰਗਲ-ਬੇਲਾ ਸੀ ।
4. ਦੁੱਖ ਦਰਿਆ ਸਮੁੰਦਰ ਬਣ ਗਏ
ਦੁੱਖ ਦਰਿਆ ਸਮੁੰਦਰ ਬਣ ਗਏ, ਟੁੱਟੇ ਸੱਭ ਸਹਾਰੇ ।
ਆਸਾਂ ਨੂੰ ਇੰਝ ਢਾਵਾਂ ਲੱਗੀਆਂ, ਖੁਰ-ਖੁਰ ਗਏ ਕਿਨਾਰੇ ।

ਹੁਣ ਤੇ ਦਿਲ ਵਿੱਚ ਕਿਧਰੇ ਵੀ ਕੋਈ, ਆਸਾ ਉਮੀਦ ਨਹੀਂ ਵਸਦੀ,
ਇੱਕ-ਇੱਕ ਕਰਕੇ ਬੁਝੇ ਆਖ਼ਰ, ਇਹ ਸਭ ਨੂਰ-ਮੁਨਾਰੇ ।

ਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ,
ਬੇਲੇ ਵਿੱਚ ਇਕ ਮਾਈ ਖਲੋਤੀ, ਰੋ-ਰੋ ਪਈ ਪੁਕਾਰੇ ।

ਹਰਫ਼ ਵਿਚਾਰੇ ਅੱਡੀਆਂ ਚੁੱਕ-ਚੁੱਕ ਏਧਰ-ਉੱਧਰ ਦੇਖਣ,
ਖ਼ੂਨ ਦਾ ਵੱਤਰ ਲਾਵੇ ਕਿਹੜਾ ? ਸਾਨੂੰ ਕੌਣ ਪੁਕਾਰੇ ?

ਅਪਣੀ ਜਾਨ ਤਲੀ 'ਤੇ ਧਰਕੇ, ਛਾਤੀ ਤਾਣ ਖਲੋਵੇ,
ਮਾਂ-ਬੋਲੀ 'ਤੇ ਪਹਿਰਾ ਦੇਵੇ ! ਕੋਈ ਨਾ ਪੱਥਰ ਮਾਰੇ ।

ਚਿਰ ਹੋਇਆ ਏ ਧਰਤੀ ਉੱਤੇ ਰੌਣਕ-ਮੇਲਾ ਲੱਗਿਆਂ,
ਆ ਜਾ ਸੂਲ਼ੀ ਚੜ੍ਹਕੇ ਨੱਚੀਏ, ਦੇਖਣ ਲੋਕ ਨਜ਼ਾਰੇ ।

ਜੋ ਕੁਝ ਕਰਨੈਂ ਅੱਜ ਹੀ ਕਰਲੈ, ਕੱਲ੍ਹ ਕਿਸੇ ਨਹੀਂ ਦੇਖੀ,
ਓੜਕ ਇਕ ਦਿਨ ਵੱਜ ਜਾਣੇ ਨੇ 'ਆਸ਼ਿਕ' ਕੂਚ-ਨਗਾਰੇ ।

5. ਚੱਲੋ ਬਾਗ਼ਾਂ ਦੇ ਵਿੱਚ ਚੱਲੀਏ
ਚੱਲੋ ਬਾਗ਼ਾਂ ਦੇ ਵਿੱਚ ਚੱਲੀਏ, ਆਈ ਰੁੱਤ ਬਹਾਰਾਂ ।
ਫੁੱਲ ਤੇ ਕਲੀਆਂ ਪਾਲਣ ਦੇ ਲਈ, ਡੋਲ੍ਹੇ ਰੱਤ ਫੁਹਾਰਾਂ ।

ਹੁਣ ਤੇ ਅਪਣਾ ਭਾਰ ਵੀ ਸਾਨੂੰ, ਚੁੱਕਣਾ ਔਖਾ ਹੋਇਆ,
ਕੱਪੜੇ ਲੀਰੋ-ਲੀਰ ਕਰੋ, ਤੇ ਗਲ਼ਮਾ ਚੀਰ ਲੰਗਾਰਾਂ ।

ਰੀਝਾਂ, ਸੱਧਰਾਂ ਨੇ ਸੁਪਨੇ ਵਿੱਚ, ਬਾਤ ਅਨੋਖੀ ਕੀਤੀ,
ਬਾਜ਼ ਤੇ ਸ਼ਿਕਰੇ ਰੁਲਦੇ ਫਿਰਦੇ, ਹੋਇਆ 'ਕੱਠ ਗੁਟਾਰਾਂ ।

ਜਿੰਦ ਵਿਚਾਰੀ ਰੋ ਰੋ ਹਾਰੀ, ਇਸ ਦੇ ਅੱਥਰੂ ਪੂੰਝੋ,
ਰੱਤ ਜਿਗਰ ਦੀ ਦੇ ਕੇ ਬਖ਼ਸ਼ੋ, ਜ਼ੀਨਤ, ਜ਼ੇਬ ਸ਼ਿੰਗਾਰਾਂ ।

'ਆਸ਼ਿਕ' ਕਿਧਰੇ ਸਾਡੇ 'ਤੇ ਕੋਈ, ਕਹਿਰ ਨਾ ਆਉਂਦਾ ਹੋਵੇ,
ਪੰਛੀ ਹਿਜਰਤ ਕਰ ਗਏ ਏਥੋਂ, ਭਲਕੇ ਬੰਨ੍ਹ ਕਤਾਰਾਂ ।

Abdul Karim Qudsi ਅਬਦੁਲ ਕਰੀਮ ਕੁਦਸੀ
ਪੰਜਾਬੀ ਗ਼ਜ਼ਲਾਂ ਅਬਦੁਲ ਕਰੀਮ ਕੁਦਸੀ
1. ਰੰਗ ਬਰੰਗੇ ਮਹਿਲਾਂ ਕੋਲ, ਖਲੋਣ ਦਾ ਫਾਇਦਾ ਕੋਈ ਨਹੀਂ
ਰੰਗ ਬਰੰਗੇ ਮਹਿਲਾਂ ਕੋਲ, ਖਲੋਣ ਦਾ ਫਾਇਦਾ ਕੋਈ ਨਹੀਂ ।
ਅੱਡੀਆਂ ਚੁੱਕ ਕੇ ਐਵੇਂ ਵੱਡਿਆਂ, ਹੋਣ ਦਾ ਫ਼ਾਇਦਾ ਕੋਈ ਨਹੀਂ ।

ਜਿਹੜੀ ਸ਼ੈ ਦੀ ਮਰਦਾਂ ਵਾਂਗੂੰ, ਰਾਖੀ ਕਰ ਨਹੀਂ ਸਕਦਾ ਤੂੰ,
ਉਹਦੇ ਲਈ ਹੁਣ ਬੁੱਢਿਆਂ ਵਾਂਗੂੰ, ਰੋਣ ਦਾ ਫ਼ਾਇਦਾ ਕੋਈ ਨਹੀਂ ।

ਗੱਲੀਂ ਬਾਤੀਂ ਭੁੱਖ ਨਹੀਂ ਮਰਦੀ, ਕਾਲ ਨਹੀਂ ਕੱਟੇ ਜਾਂਦੇ,
ਮਿੱਟੀ ਆਟੇ ਰੰਗੀ ਕਰਕੇ, ਗੌਣ ਦਾ ਫ਼ਾਇਦਾ ਕੋਈ ਨਹੀਂ ।

ਪਤਾ ਨਹੀਂ ਸੀ ਇਕ ਦੂਜੇ ਦੇ, ਬਣ ਜਾਵਾਂਗੇ ਵੈਰੀ ਵੀ,
ਇਹ ਤੇ ਪਤਾ ਸੀ ਵੱਖੋ-ਵੱਖੀ, ਹੋਣ ਦਾ ਫ਼ਾਇਦਾ ਕੋਈ ਨਹੀਂ ।

ਚੰਗੇ ਹਾਕਮ ਬਣੇ ਨਹੀਂ ਜੇਕਰ, ਬਣੋਂ ਰਿਆਇਆ ਚੰਗੀ,
ਹਰ ਚੰਗਿਆਈ ਅਪਣੇ ਹੱਥੋਂ, ਖੋਣ ਦਾ ਫ਼ਾਇਦਾ ਕੋਈ ਨਹੀਂ ।

'ਕੁਦਸੀ' ਜਿਹੜੇ ਆਪ ਨਾ ਬੋਲਣ, ਗ਼ਜ਼ਲਾਂ ਨਜ਼ਮਾਂ ਅੰਦਰ,
ਉਹਨਾਂ ਹਰਫ਼ਾਂ 'ਤੇ ਲਫ਼ਜ਼ਾਂ ਦੀ, ਚੋਣ ਦਾ ਫ਼ਾਇਦਾ ਕੋਈ ਨਹੀਂ ।
2. ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ
ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ ।
ਜ਼ਿੰਦਾ ਦਿਲ ਇਨਸਾਨਾਂ ਅੰਦਰ, ਅਪਣਾ ਇਕ ਦਿਲਦਾਰ ਬਣਾ ।

ਜੀਵਨ ਦੇ ਲਈ ਹਰ ਬੰਦੇ ਨੂੰ ਕੁਝ ਤੇ ਕਰਨਾ ਪੈਂਦਾ ਏ,
ਸੱਧਰਾਂ ਦੀ ਬੰਜਰ ਧਰਤੀ ਵਿੱਚ ਗੁਲਸ਼ਨ ਦੇ ਆਸਾਰ ਬਣਾ ।

ਅਰਜ਼ਾਂ ਦੇ ਵਾਇਰਸ ਨੇ ਤੈਨੂੰ, ਏਨਾ ਰੋਗੀ ਕੀਤਾ ਏ,
ਲਾਲਚ ਦੀ ਨਗਰੀ ਤੋਂ ਹੱਟ ਕੇ, ਵੱਖ ਅਪਣਾ ਘਰਬਾਰ ਬਣਾ ।

ਆਬਾਦੀ ਲਈ ਬੰਦਿਆ ਜੰਗਲ ਦੇ ਵਲ ਵਧਦਾ ਜਾਂਦਾ ਏਂ,
ਇਨਸਾਨਾਂ ਤੋਂ ਨਫ਼ਰਤ ਕਰਕੇ ਵਹਿਸ਼ੀ ਨਾ ਤੂੰ ਯਾਰ ਬਣਾ ।

ਸੱਚ ਦਾ ਜੁਗਨੂੰ ਹੋ ਕੇ ਚਮਕਾਂ ਮੈਂ ਤਾਂ ਕਾਲੀਆਂ ਰਾਤਾਂ ਵਿੱਚ,
ਚੜ੍ਹਦੇ ਸੂਰਜ ਵਾਂਗੂੰ ਸੱਜਨਾਂ ਤੂੰ ਵੀ ਕੁਝ ਲਿਸ਼ਕਾਰ ਬਣਾ ।

ਮਾਂ ਬੋਲੀ ਦੀ ਤਾਂਘ ਹੀ ਤੈਨੂੰ ਏਥੇ ਤਕ ਲੈ ਆਈ ਏ,
ਇਹਦੇ ਵਿੱਚ ਮੈਂ ਲਿਖਦਾਂ ਤਾਂ, ਜੋ ਤੂੰ ਵੀ ਇਹ ਰਫ਼ਤਾਰ ਬਣਾ ।

ਗੁੰਗੇ ਬੋਲੇ ਲੋਕਾਂ ਵਿੱਚ ਬਸ, ਕੱਲਾ ਫਿਰਦਾ ਰਹਿੰਦਾ ਏਂ,
ਕਦ ਤੱਕ ਕੱਲਾ ਰਹੇਂਗਾ 'ਕੁਦਸੀ' ਤੂੰ ਕੋਈ ਗ਼ਮਖ਼ਾਰ ਬਣਾ ।
3. ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ
ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ ।
ਖ਼ਿਜ਼ਾਂ ਦੇ ਖੰਜਰ ਨੇ ਪੱਤਾ ਪੱਤਾ ਸ਼ਹੀਦ ਕੀਤਾ ।

ਹਵਾ ਨੇ ਉਹਦੇ ਸ਼ਰੀਰ ਵਿੱਚੋਂ ਮਿਠਾਸ ਚੁਣ ਲਈ,
ਅਸਾਂ ਗ਼ਰੀਬਾਂ ਨੇ ਜਿਹੜਾ ਮੇਵਾ ਖ਼ਰੀਦ ਕੀਤਾ ।

ਤਿਰੀ ਨਜ਼ਰ ਦੀ ਫ਼ਰਾਤ ਕੰਢੇ ਨਾ ਪਿਆਸ ਬੁੱਝੀ,
ਤੂੰ ਪਿਆਰ ਦਰਿਆ ਦਾ ਕਤਰਾ ਕਤਰਾ ਬਦੀਦ ਕੀਤਾ ।

ਅਦਬ ਦੀ ਖੇਤੀ 'ਚ ਵੰਨ ਸੁਵੰਨੇ ਖ਼ਿਆਲ ਬੀਜੇ,
ਅਸਾਂ ਅਦਬ ਦਾ ਕਦੀਮ ਲਹਿਜ਼ਾ ਜਦੀਦ ਕੀਤਾ ।

ਜਦੋਂ ਵੀ ਨਿਕਲੀ ਮੁਨਾਫ਼ਕਤ ਦੀ ਸ਼ਰਾਬ ਨਿਕਲੀ,
ਖਲੂਸ ਜਦ ਵੀ ਮੈਂ ਦੋਸਤਾਂ ਦਾ ਕਸੀਦ ਕੀਤਾ ।

ਇਹ ਯਾਰੀਆਂ ਵੀ ਜ਼ਰੂਰਤਾਂ ਦੇ ਤਬਾਦਲੇ ਨੇ,
ਜ਼ਰੂਰਤਾਂ ਨੇ ਇਹ ਪਾਕ ਜਜ਼ਬਾ ਪਲੀਦ ਕੀਤਾ ।

ਅਸੀਂ ਆਂ 'ਕੁਦਸੀ' ਉਹ ਲੋਕ ਜਿਨ੍ਹਾਂ ਗ਼ਜ਼ਲ ਘਰਾਣਾ-
ਅਦਬ ਦੇ ਪੈਰਾਂ ਤੋਂ ਖੋਹਕੇ ਅਪਣਾ ਮੁਰੀਦ ਕੀਤਾ ।
4. ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ
ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ ।
ਐਪਰ ਜੇਰਾ ਕਿਸ ਦਾ ਇਸਤੇਮਾਲ ਕਰਾਂ ?

ਹੰਝੂਆਂ ਦੇ ਮੋਤੀ ਯਾ ਹੀਰੇ ਜ਼ਖ਼ਮਾਂ ਦੇ,
ਸੱਜਨਾਂ ਦੀ ਖ਼ਿਦਮਤ ਵਿੱਚ ਕੀ ਅਰਸਾਲ ਕਰਾਂ ।

ਜਿਹਨਾਂ ਦੀ ਲੌ ਮੇਰੀ ਕਿਸਮਤ ਵਰਗੀ ਏ,
ਉਹ ਦੀਵੇ ਕੀ ਮਹਿਫ਼ਲ ਦੇ ਵਿੱਚ 'ਬਾਲ' ਕਰਾਂ ।

ਤੇਰੀ ਯਾਦ ਦੇ ਬਾਲ ਗੁਆਚੇ ਭੀੜਾਂ ਵਿੱਚ,
ਹੁਣ ਕਿਸਮਤ ਮੈਂ ਤੇਰਾ ਇਸਤਕਬਾਲ ਕਰਾਂ ।

ਸਾਰੇ ਉਸ ਵਲ ਅੱਡੀਆਂ ਚੁੱਕ ਚੁੱਕ ਵੇਂਹਦੇ ਨੇ,
ਮੈਂ ਕੱਲਾ ਨਹੀਂ ਜੋ ਇਸ ਦਾ ਇਕਬਾਲ ਕਰਾਂ ।

ਪੈਸੇ ਦੀ ਥਾਂ ਖੀਸਾ ਭਰਿਆ ਗ਼ਜ਼ਲਾਂ ਨਾਲ,
ਅਪਣੇ ਬੱਚਿਆਂ ਦਾ ਕੀ ਹੋਰ ਖ਼ਿਆਲ ਕਰਾਂ ।

ਦਰਦ ਸਮੇਟ ਕੇ ਆਖਿਆ ਮੇਰੇ ਖ਼ਾਲਿਕ ਨੇ,
ਆ ਹੁਣ 'ਕੁਦਸੀ' ਤੈਨੂੰ ਮਾਲਾ ਮਾਲ ਕਰਾਂ ।
5. ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ
ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ ।
ਅਸਾਂ ਗਰੀਬਾਂ ਨਵੀਂ ਬਹਾਰ ਦੇ ਮੇਵੇ ਕਾਦ੍ਹੇ ਚੱਖਣੇ ?

ਭਾਗਾਂ ਵਾਲੀ ਧਰਤੇ ਦੇ ਪੁੱਤ ਸੜਿਆਂ ਭਾਗਾਂ ਵਾਲੇ,
ਸਾਰੀ ਉਮਰ ਮੁਸ਼ੱਕਤ ਕਰਦੇ ਫੇਰ ਭੜੋਲੇ ਸੱਖਣੇ ।

ਘੁੱਪ ਹਨੇਰੇ ਅੰਦਰ ਕਿਹੜਾ ਵਧ ਕੇ ਦੀਵੇ ਬਾਲੇ,
ਰੌਸ਼ਨੀਆਂ ਨੂੰ ਤਰਸ ਗਏ ਨੇ ਇਹ ਅੱਖੀਆਂ ਦੇ ਰਖਣੇ।

ਸਾਡੇ ਜਿਸਮ ਦਾ ਨੰਗ ਲੁਕਾਂਦੀ ਧੂੜ ਮੁਸ਼ੱਕਤ ਵਾਲੀ,
ਅਸੀਂ ਨੇ ਅਪਣੇ ਜੁੱਸੇ ਕਾਦ੍ਹੇ ਸਾਂਭ-ਸੰਭਾਲ ਕੇ ਰੱਖਣੇ ।

ਲੰਮੀਆਂ-ਲੰਮੀਆਂ ਕਾਰਾਂ ਦੇ ਵਿਚ ਬੈਠੀਆਂ ਦਿੱਸਣ ਡੈਣਾਂ,
ਨੰਗੇ ਪੈਰੀਂ ਕੋਲੇ ਚੁਗਦੇ 'ਕੁਦਸੀ' ਜਿਸਮ ਸੁਲੱਖਣੇ ।
6. ਸੁਘੜ ਸਿਆਣੀ ਬਣ ਜਾਂਦੀ ਉਹ ਭਾਵੇਂ ਝੱਲੀ ਹੋਵੇ
ਸੁਘੜ ਸਿਆਣੀ ਬਣ ਜਾਂਦੀ ਉਹ ਭਾਵੇਂ ਝੱਲੀ ਹੋਵੇ ।
ਜਿਸ ਖ਼ੁਸ਼ਕਿਸਮਤ ਤੇ ਮੁਰਸ਼ਦ ਦੀ ਨਜ਼ਰ ਸਵੱਲੀ ਹੋਵੇ ।

ਗੱਲ ਅਮਲਾਂ ਤੇ ਮੁਕਦੀ ਸਾਰੀ ਜ਼ਾਤਾਂ ਤੇ ਨਹੀਂ ਮੁਕਦੀ,
ਸੱਯਦ ਹੋਵੇ ਭਾਵੇਂ ਕਿਸੇ ਦੀ ਜ਼ਾਤ ਮੁਸੱਲੀ ਹੋਵੇ ।

ਖ਼ੈਰ ਖ਼ਬਰ ਲੋਕਾਂ ਦੇ ਮੂੰਹੋਂ ਸੁਣਕੇ ਚੈਨ ਨਾ ਆਵੇ ।
ਖੱਤ ਆਵੇ ਸੱਜਣਾਂ ਦਾ ਦਿਲ ਨੂੰ ਫੇਰ ਤਸੱਲੀ ਹੋਵੇ ।
7. ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ
ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ
ਸਾਨੂੰ ਆਪਣੀ ਜਾਨ ਦੇ ਲਾਲੇ ਪਏ ਹੋਏ ਨੇਂ

ਸ਼ੇਅਰਾਂ ਦੀ ਮੁੰਦਰੀ ਵਿੱਚ ਲਾਈਏ ਨਗ ਵਾਂਗੂੰ
ਜਿਹੜੇ ਦੁਖੜੇ ਆਲ਼ ਦਵਾਲ਼ੇ ਪਏ ਹੋਏ ਨੇਂ

ਕੁਝ ਸ਼ੇਅਰਾਂ ਦੀ ਹਾਂਡੀ ਵਿੱਚ ਤਲਖ਼ੀ ਦਾ ਤੜਕਾ
ਕੁਝ ਹਾਲਾਤ ਦੇ ਗਰਮ ਮਸਾਲੇ ਪਏ ਹੋਏ ਨੇਂ

ਅੰਨਿਆਏ ਦੇ ਪੱਥਰਾਂ ਰਸਤੇ ਡੱਕੇ ਨੇਂ
ਸਦੀਆਂ ਬਾਅਦ ਵੀ ਓਥੇ ਹਾਲੇ ਪਏ ਹੋਏ ਨੇਂ

ਨਿੱਕਿਆਂ ਹੁੰਦਿਆਂ ਤੂੰ ਜੋ ਮੈਨੂੰ ਖ਼ਤ ਲਿਖੇ
ਮੇਰੇ ਕੋਲ ਉਹ ਅਜੇ ਸੰਭਾਲੇ ਪਏ ਹੋਏ ਨੇਂ

ਰੱਜ ਬੈਠੇ ਨਾ ਦਿਲ ਦੀ ਗੱਲ ਕੋਈ ਕੀਤੀ
ਉਹ ਜਾਵਣ ਲਈ ਐਂਵੇਂ ਕਾਹਲ਼ੇ ਪਏ ਹੋਏ ਨੇਂ

ਗ਼ੁਰਬਤ ਵਾਲੀ ਧੂੜ ਵਿੱਚ ਰਸਤਾ ਦਿਸਦਾ ਨਹੀਂ
ਅੱਖੀਂ ਬੇ ਸਿੱਮਤੀ ਦੇ ਜਾਲੇ ਪਏ ਹੋਏ ਨੇਂ

ਤੋਹਮਤ ਲਾਉਣ ਤੋਂ ਪਹਿਲਾਂ ਇਹ ਵੀ ਸੋਚ ਲਵੋ
ਕੁਦਸੀ ਕੋਲ ਵੀ ਬੜੇ ਹਵਾਲੇ ਪਏ ਹੋਏ ਨੇਂ
8. ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ
ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ
ਪਿਆਸੇ ਪੰਛੀ ਕੱਦ ਉਸ ਵਿਹੜੇ ਜਾਂਦੇ ਨੇਂ

ਰਾਂਝਣ ਦੇ ਕਿਸ ਕਾਰ ਤਪੱਸਿਆ ਉਮਰਾਂ ਦੀ
ਹੀਰ ਵਿਆਹਵਨ ਦੇ ਲਈ ਖੇੜੇ ਜਾਂਦੇ ਨੇਂ

ਸਾਨੂੰ ਮਿਲੇ ਨਾ ਸੱਦਾ ਉਹਦੀ ਮਹਿਫ਼ਲ ਦਾ
ਉਸ ਮਹਿਫ਼ਲ ਵਿੱਚ ਖ਼ੌਰੇ ਕਿਹੜੇ ਜਾਂਦੇ ਨੇਂ

ਨੀਵੇਂ ਨੀਵੇਂ ਕਿਰਦਾਰਾਂ ਲਈ ਦੁਨੀਆ ਵਿੱਚ
ਉੱਚੇ ਉੱਚੇ ਸਾਕ ਸਹੇੜੇ ਜਾਂਦੇ ਨੇਂ

ਲੀਡਰ ਲੰਮੀਆਂ ਕਾਰਾਂ ਦੇ ਵਿੱਚ ਨੱਸ ਜਾਂਦੇ
ਮਕਤਲ ਵੱਲੇ ਲੋਕ ਮਰੇੜੇ ਜਾਂਦੇ ਨੇਂ

ਸਾਕਾਦਾਰੀ ਰਹਿ ਗਈ ਕੁਦਸੀ ਦੌਲਤ ਦੀ
ਨੌਹਾਂ ਦੇ ਨਾਲੋਂ ਮਾਸ ਨਖੇੜੇ ਜਾਂਦੇ ਨੇਂ
9. ਚਾਨਣ ਦਾ ਕੋਈ ਭਰਿਆ ਥਾਲ ਉਲਟ ਦੇ ਸਾਈਂ
ਚਾਨਣ ਦਾ ਕੋਈ ਭਰਿਆ ਥਾਲ ਉਲਟ ਦੇ ਸਾਈਂ
ਬੱਦਲ ਹਨੇਰੇ ਵਾਲ਼ੇ ਨਹੀਂ ਪਏ ਹਟਦੇ ਸਾਈਂ

ਆਲ੍ਹਣਿਆਂ ਦੀ ਰੌਣਕ ਜਿਹਨਾਂ ਖੋਹ ਲਈ ਸਾਰੀ
ਉਨ੍ਹਾਂ ਜ਼ਾਲਮ ਬਾਜ਼ਾਂ ਦੇ ਪਰ ਕੱਟ ਦੇ ਸਾਈਂ

ਕੋਹਝ ਇਨ੍ਹਾਂ ਦੇ ਸਾਰੀ ਦੁਨੀਆ ਦੇਖੇ ਜੇਕਰ
ਉੱਖਲੀ ਪਾ ਕੇ ਕੋਈ ਇਨ੍ਹਾਂ ਨੂੰ ਛੱਟ ਦੇ ਸਾਈਂ

ਇਲਮ ਖ਼ਜ਼ਾਨੇ ਦੇ ਵਿੱਚ ਵਾਧਾ ਕਰਦਾ ਜਾਈਂ
ਦੌਲਤ ਭਾਵੇਂ ਬਹੁਤੀ ਦੇ ਯਾ ਘੱਟ ਦੇ ਸਾਈਂ

ਦੀਨ ਫ਼ਰੋਸ਼ਾਂ ਲਿੱਸੀ ਸਾਮੀ ਸਮਝ ਲਿਆ ਏ
ਸਾਡੇ ਵੱਲੇ ਆਉਂਦੇ ਧੂੜਾਂ ਪੱਟ ਦੇ ਸਾਈਂ

ਅਸਾਂ ਤੇ ਕਲਮ ਕਬੀਲੇ ਰਲ਼ ਕੇ ਘਾਟੇ ਖਾਧੇ
ਲੋਕ ਤੇ ਇਧਰ ਢੇਰ ਮੁਨਾਫ਼ੇ ਖੱਟ ਦੇ ਸਾਈਂ

ਕੁਦਸੀ ਮੇਰਾ ਪਰਦੇਸੀ ਘਰ ਆਉਂਦਾ ਪਿਆ ਏ
ਇਹ ਖ਼ੁਸ਼ਖ਼ਬਰੀ ਝੱਬ ਦੇ ਸਾਈਂ ਝੱਟ ਦੇ ਸਾਈਂ
10. ਕੰਡਿਆਂ ਨੂੰ ਗੁਲਾਬ ਕੀ ਲਿਖਣਾ
ਕੰਡਿਆਂ ਨੂੰ ਗੁਲਾਬ ਕੀ ਲਿਖਣਾ
ਪਾਣੀਆਂ ਨੂੰ ਸ਼ਰਾਬ ਕੀ ਲਿਖਣਾ

ਦੇਣ ਵਾਲ਼ਾ ਜੇ ਬੇਹਿਸਾਬ ਦੇਵੇ
ਖਰਚ ਦਾ ਮੁੜ ਹਿਸਾਬ ਕੀ ਲਿਖਣਾ

ਜਿੱਤ ਗਿਆ ਰੋਂਦ ਮਾਰ ਕੇ ਜਿਹੜਾ
ਓਸ ਨੂੰ ਕਾਮਯਾਬ ਕੀ ਲਿਖਣਾ

ਜੋ ਨਾ ਬਦਲੇ ਗ਼ਰੀਬ ਦੀ ਕਿਸਮਤ
ਓਸ ਨੂੰ ਇਨਕਲਾਬ ਕੀ ਲਿਖਣਾ

ਜਿਹੜਾ ਇੱਜ਼ਤ ਗ਼ਰੀਬ ਦੀ ਨਾ ਕਰੇ
ਉਹਨੂੰ ਇੱਜ਼ਤ ਮਆਬ ਕੀ ਲਿਖਣਾ

ਕਾਲ਼ਜੇ ਨੂੰ ਨਾ ਜਿਹੜੀ ਹੱਥ ਪਾਵੇ
ਓਸ ਗ਼ਜ਼ਲ ਦਾ ਜਵਾਬ ਕੀ ਲਿਖਣਾ

ਜਿਹੜੀ ਤੜਪਾ ਨਾ ਦੇਵੇ ਕੁਦਸੀ ਨੂੰ
ਐਸ ਤਰ੍ਹਾਂ ਦੀ ਕਿਤਾਬ ਕੀ ਲਿਖਣਾ
11. ਹਰ ਮੌਸਮ ਵਿੱਚ ਹੱਸਣ ਦਾ
ਹਰ ਮੌਸਮ ਵਿੱਚ ਹੱਸਣ ਦਾ
ਵੇਲਾ ਕੀ ਸੀ ਬਚਪਨ ਦਾ

ਅੱਗ ਲੱਗੀ ਏ ਮੋਰਾਂ ਨੂੰ
ਸ਼ੌਕ ਏ ਚੜ੍ਹਿਆ ਨੱਚਣ ਦਾ

ਹੜ੍ਹ ਆਇਆ ਤੇ ਬੱਦਲਾਂ ਨੂੰ
ਚੇਤਾ ਆਇਆ ਵੱਸਣ ਦਾ

ਜੰਮ ਜੰਮ ਹੱਸੋ ਪਰ ਸਾਥੋਂ
ਹੱਕ ਨਾ ਖੋਹਵੋ ਹੱਸਣ ਦਾ

'ਕੁਦਸੀ' ਓਸ ਮੁਸਾਫ਼ਿਰ ਨੂੰ
ਵਿਹਲ ਮਿਲੇ ਕੁਝ ਲਿੱਖਣ ਦਾ
ਪੰਜਾਬੀ ਗੀਤ ਅਬਦੁਲ ਕਰੀਮ ਕੁਦਸੀ
1. ਅੱਲਾ ਵਾਲੀ ਤੇਰਾ ਮੇਰਾ ਅੱਲਾ ਵਾਲੀ ਸਭਦਾ ਏ
ਅੱਲਾ ਵਾਲੀ ਤੇਰਾ ਮੇਰਾ ਅੱਲਾ ਵਾਲੀ ਸਭਦਾ ਏ ।
ਜੋ ਕੁਝ ਨਜ਼ਰਾਂ ਵੇਖਣ ਪਈਆਂ ਮੇਰੇ ਸੁਹਣੇ ਰੱਬ ਦਾ ਏ ।

ਜਿੰਨਾ ਸ਼ੁਕਰ ਵੀ ਕਰੀਏ ਉਹਦਾ, ਫੇਰ ਵੀ ਸ਼ੁਕਰ ਅਦਾ ਨਾ ਹੋਵੇ,
ਕੀ ਕਰੀਏ ਜੇ ਮਿਲੇ ਨਾ ਪਾਣੀ, ਕੀ ਕਰੀਏ ਜੇ ਵਾਅ ਨਾ ਹੋਵੇ ।
ਉਸਨੂੰ ਜੇਕਰ ਲੱਭਣਾ ਹੋਵੇ ਹਰ ਜ਼ਰਰੇ 'ਚੋਂ ਲਭਦਾ ਏ ।

ਜਿਥੋਂ ਤੀਕਰ ਨਜ਼ਰਾਂ ਜਾਵਣ ਉਸਦੇ ਜਲਵੇ ਨਜ਼ਰੀਂ ਆਵਣ ।
ਪੱਥਰਾਂ ਵਿਚ ਵੀ ਬੈਠੇ ਕੀੜੇ ਉਸਦੀ ਦਿੱਤੀ ਰੋਜ਼ੀ ਖਾਵਣ ।
ਬਿਨ ਮੰਗਿਆਂ ਜੋ ਦੇਵੇ ਉਹੋ ਰੱਬ ਅਖਵਾਂਦਾ ਸਭਦਾ ਏ ।


Punjabi Ghazlan Afzal Ahsan Randhawa
ਪੰਜਾਬੀ ਕਵਿਤਾ ਅਫ਼ਜ਼ਲ ਅਹਿਸਨ ਰੰਧਾਵਾ
1. ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ
ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ ।
ਕੈਦ 'ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ ।

ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ ਭਰ ਵੰਡਾਂ,
ਚੰਗੇ ਲੋਕੀ ਹਸ-ਹਸ ਝੋਲੀਆਂ ਭਰ-ਭਰ ਲੁੱਟਣ ।

ਮੈਂ ਲਫ਼ਜ਼ਾਂ ਵਿੱਚ ਬੀਜਾਂ ਪਿਆਰ ਅਮਨ ਦੀਆਂ ਫ਼ਸਲਾਂ,
ਇਕ ਇਕ 'ਬੀ' 'ਚੋਂ ਸੌ ਸੌ ਬੂਟੇ ਫੁੱਟਣ ।

ਬੰਦੇ ਦੀ ਬੰਦਿਆਈ ਲਿਖਾਂ ਤਾਂ ਜੋ ਬੰਦੇ,
ਇਕ ਦੂਜੇ ਤੇ ਗੁੱਸੇ ਨਾਲ ਨਾ 'ਫੁੱਲ' ਵੀ ਸੁੱਟਣ ।

ਮੈਂ ਲਿਖਾਂ, ਮੈਂ ਲਿਖਾਂ ਮੈਂ ਲਿਖਦਾ ਹੀ ਜਾਵਾਂ,
'ਸ਼ਾਲਾ' ਕਲਮ ਤੇ ਹਰਫ਼ ਦੇ ਰਿਸ਼ਤੇ ਕਦੀ ਨਾ ਟੁੱਟਣ ।

'ਅਫ਼ਜ਼ਲ ਅਹਿਸਨ' ਲਫ਼ਜ਼ 'ਚ ਇਸਮੇਂ ਆਜ਼ਮ ਜਾਗੇ,
ਦੁੱਖਾਂ, ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ ।
2. 'ਅਫ਼ਜ਼ਲ ਅਹਿਸਨ' ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ
'ਅਫ਼ਜ਼ਲ ਅਹਿਸਨ' ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ ।
ਚੁੱਕਣ ਲਈ 'ਸਲੀਬ' ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ ।

ਯਾ ਮੈਥੋਂ ਇਹ ਸੁਨਣਾ, ਬੋਲਣਾ, ਵੇਖਣਾ, ਸੋਚਣਾ ਲੈ ਲੈ,
ਯਾ ਮੈਨੂੰ ਵੀ ਅਪਣੀ ਡੂੰਘੀ, ਚੁੱਪ ਦੇ ਰੰਗ 'ਚ ਰੰਗ ।

ਯਾ ਤੇ ਮੈਨੂੰ ਅੱਖੀਆਂ ਦੇਹ ਮੈਂ ਤੈਨੂੰ ਦੇਖਾਂ-ਚਾਖਾਂ,
ਯਾ ਫਿਰ ਮੈਂ ਵੀ ਲੋਕਾਂ ਵਾਂਗੂੰ, ਬਹਿ ਕੇ ਘੋਟਾਂ ਭੰਗ ।

ਮੰਗ ਲਿਆ ਤੇ ਇਕ ਭੋਰਾ ਜਿਹਾ, ਚਾਨਣ ਵੀ ਨਹੀਂ ਦਿੰਦਾ,
ਕਹਿੰਦਾ ਹੁੰਦਾ ਸੈਂ ਮੰਗ ਲੈ, ਮੰਗ ਲੈ, ਮੰਗ ਲੈ ਨਾ ਸੰਗ ।

ਮੇਰੇ ਸਾਰੇ ਬੇਲੀ ਮੈਨੂੰ ਪੁੱਛਦੇ ਨੇ ਕੀ ਗੱਲ ਏ,
ਅੱਜ ਕੱਲ੍ਹ ਕਿਸੇ ਨਾ ਕਿਸੇ ਬਹਾਨੇ, ਟੁਰਿਆ ਰਹਿਨੈਂ ਝੰਗ ।

ਇਸ਼ਕ ਤੇ ਵਾਰਾ ਖਾ ਜਾਂਦਾ, ਪਰ ਥਾਂ ਸੀ ਬਹੁਤਾ ਉੱਚਾ,
'ਅਫ਼ਜ਼ਲ ਅਹਿਸਨ' ਮਾਰ ਗਿਆ, ਯਾਰਾਂ ਨੂੰ ਤੇੜ ਦਾ ਨੰਗ ।
3. ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ
ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ ।
ਜ਼ੇਲ੍ਹ ਤੇ ਓੜਕ ਜ਼ੇਲ੍ਹ ਏ ਬੱਚੜਾ ।

ਜਿਹੜਾ ਹੱਥ ਖੜ੍ਹੇ ਕਰ ਜਾਏ,
ਇਸ਼ਕ 'ਚ ਉਹੀ ਫ਼ੇਲ੍ਹ ਏ ਬੱਚੜਾ ।

ਟਿਗਟਾਂ ਵਾਲੇ ਪੈਦਲ ਟੁਰਦੇ
ਬੇ-ਟਿਗਟੇ ਦੀ ਰੇਲ ਏ ਬੱਚੜਾ ।

ਜਿਹੜਾ ਸਾਮ੍ਹਣੇ ਆਏ, ਹੈ ਨਹੀਂ,
ਅੰਨ੍ਹੇ ਹੱਥ ਗੁਲੇਲ ਏ ਬੱਚੜਾ ।

ਸਾਡੇ ਹਿਜਰ ਤੇ ਰੋੜ੍ਹਨ ਹੰਝੂ,
ਅੱਗ ਪਾਣੀ ਦਾ ਮੇਲ ਏ ਬੱਚੜਾ ।

'ਬਿਜੂ' ਖੁੱਲ੍ਹੇ ਬੰਦੇ ਬੱਧੇ,
ਚੰਗਾ ਤੇਰਾ ਖੇਲ੍ਹ ਏ ਬੱਚੜਾ ।

ਨਹੀਂ ਹੰਝੂ ਕਿੱਥੋਂ ਆਉਂਣੇ ਨੇ,
ਅੱਖਾਂ ਵਿੱਚ ਤਰੇਲ ਏ ਬੱਚੜਾ ।

'ਅਫ਼ਜ਼ਲ ਅਹਿਸਨ' ਲੁੱਟ ਕੇ ਲੈ ਜਾ,
ਦਰਦ ਫ਼ਿਰਾਕ ਦੀ ਸੇਲ ਏ ਬੱਚੜਾ ।
4. ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ
ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ ।
ਆਹੋ ਮੈਨੂੰ ਉਹਦੀ ਕੋਈ ਪਰਵਾਹ ਨਹੀਂ ।

ਹੁਣ ਉਹ ਚਾਰੂ ਹੋ ਗਿਆ ਹਰੀਆਂ ਫ਼ਸਲਾਂ ਦਾ,
ਮੇਰੇ ਕੋਲ ਤੇ ਇਕ ਦੋ ਰੁੱਗ ਵੀ 'ਘਾਹ' ਨਹੀਂ ।

ਅਪਣੇ ਹੰਝੂਆਂ ਵਿੱਚ ਉਹ ਗੋਤੇ ਖਾਂਦਾ ਏ,
ਡੁੱਬ ਜਾਵੇਗਾ ਉਹਦਾ ਲੰਬਾ ਸਾਹ ਨਹੀਂ ।

ਹੁਣ ਉਹ ਅਪਣੇ ਸਿਰ ਦੇ ਵਿੱਚ ਕੀ ਪਾਏਗਾ,
ਸੱਤਾਂ ਚੁੱਲ੍ਹਿਆਂ ਵਿੱਚ ਤੇ ਮੁੱਠ ਸੁਆਹ ਨਹੀਂ ।

ਅੱਗ ਦੇ ਕੋਲ ਘਿਉ ਵੀ ਪੰਘਰ ਜਾਂਦਾ ਏ,
ਮੇਰੇ ਐਡੇ ਨੇੜੇ ਮੰਜੀ ਡਾਹ ਨਹੀਂ ।

ਬੱਧੇ ਸੰਗਲ ਮੈਨੂੰ ਟੁੱਟਣ ਦਿੰਦੇ ਨਹੀਂ,
ਮੌਤ ਦਾ ਮੈਨੂੰ ਰੱਤੀ ਭਰ 'ਤਰਾਹ' ਨਹੀਂ ।

ਮੇਰੇ ਦੁੱਖੋਂ ਮੌਤ ਕਿਨਾਰੇ ਬੈਠਾ ਏ,
ਉੱਤੋਂ ਆਂਹਦਾ ਮੈਨੂੰ ਕੋਈ ਪ੍ਰਵਾਹ ਨਹੀਂ ।

ਵਿੱਛੜ ਕੇ ਰੋਂਦਾ ਸੀ ਮਿਲ ਕੇ ਆਕੜ ਦਾ,
'ਅਫ਼ਜ਼ਲ ਅਹਿਸਨ' ਉਹਦਾ ਕੁਝ ਵਿਸਾਹ ਨਹੀਂ ।
5. ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ
ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ ।
ਉਹਨੂੰ ਮਿਲ ਕੇ ਦਿਲ ਦਾ ਦਰਦ ਲਕੋਈ ਰੱਖ ।

ਖੋਲੇਂਗਾ ਕੋਈ ਅੰਦਰ ਵੜ ਆਊਗਾ,
ਅਖਾਂ ਵਾਲੇ ਦੋਵੇਂ ਬੂਹੇ ਢੋਈ ਰੱਖ ।

ਕੁੱਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦੈ,
ਹਾਂਡੀ ਉੱਤੇ ਢੱਕਣ ਤੇ ਵਿੱਚ ਡੋਈ ਰੱਖ ।

ਉਹਦੇ ਹੱਥ ਨਾਜ਼ੁਕ ਤੇ ਧਾਰਾਂ ਸਖਤੀਆਂ ਨੇ,
ਉਹ ਪਸ਼ਮਾਉਂਦਾ ਜਾਂਦੈ ਤੇ ਤੂੰ ਚੋਈ ਰੱਖ ।

ਸ਼ਿਖਰ ਦੁਪਹਿਰੇ ਫਿਰਕੇ ਦੇਖ ਚੁੜੇਲਾਂ ਨੂੰ,
ਕੰਨ ਵਿੱਚ ਰੂੰ ਦਾ ਤੂੰਬਾ ਭਿਊਂ ਖ਼ੁਸ਼ਬੋਈ ਰੱਖ ।

ਜਿੰਨੇ ਜੋਗਾ ਏਂ ਉਨਾ ਤੇ ਕਰਦਾ ਰਹੁ,
ਮੈਲੀ ਧਰਤੀ ਪਾਣੀ ਪਾ ਪਾ ਧੋਈ ਰੱਖ ।

ਇਕ ਵਾਰੀ ਤੇ ਫ਼ਸਲਾਂ ਔੜ ਨੂੰ ਭੁੱਲ ਜਾਵਣ,
'ਅਫ਼ਜ਼ਲ ਅਹਿਸਨ' ਉੱਠ ਰਾਤ ਦਿਨ ਖੂਹ ਜੋਈ ਰੱਖ ।
6. ਇੰਜ ਹਾਲੋਂ ਬੇ ਹਾਲ ਨੀ ਮਾਏ
ਇੰਜ ਹਾਲੋਂ ਬੇ ਹਾਲ ਨੀ ਮਾਏ
ਭੁੱਲ ਗਈ ਆਪਣੀ ਚਾਲ ਨੀ ਮਾਏ

ਓਨੇ ਫੱਟ ਮੇਰੇ ਜੁੱਸੇ 'ਤੇ
ਜਿੰਨੇ ਤੇਰੇ ਵਾਲ਼ ਨੀ ਮਾਏ

ਦੋਜ਼ਖ਼ ਤੈਥੋਂ ਦੂਰੀ, ਜੰਨਤ
ਤੇਰੇ ਆਲ-ਦਵਾਲ ਨੀ ਮਾਏ

ਹੁਣ ਤੇ ਕੁੱਝ ਨਈਂ ਨਜ਼ਰੀਂ ਆਉਂਦਾ
ਹੋਰ ਇਕ ਸੂਰਜ ਬਾਲ ਨੀ ਮਾਏ

ਮੈਂ ਦਰਿਆਵਾਂ ਦਾ ਹਾਣੀ ਸਾਂ
ਤਰਨੇ ਪੈ ਗਏ ਖਾਲ਼ ਨੀ ਮਾਏ

ਮੇਰੀ ਚਿੰਤਾ ਛੱਡ ਦੇ, ਐਥੇ
ਰੁਲਦੇ ਸਭ ਦੇ ਬਾਲ ਨੀ ਮਾਏ

ਮੇਰਾ ਮੱਥਾ ਚੁੰਮਿਆਂ ਤੈਨੂੰ
ਹੋ ਗਏ ਚਵੀ ਸਾਲ ਨੀ ਮਾਏ

ਹਰ ਛੋਟੀ ਵੱਡੀ ਆਫ਼ਤ ਵਿਚ
ਤੂੰ ਸੈਂ ਸਾਡੀ ਢਾਲ ਨੀ ਮਾਏ

ਹੁਣ ਨਾ ਦੁੱਧ ਪਿਆਈਂ ਪੂਰਾ
ਵੱਡੇ ਹੋਣ ਨਾ ਬਾਲ ਨੀ ਮਾਏ

ਜਿਹਨੂੰ ਮਿਲੀਏ ਫਾਹ ਲੈਂਦਾ ਏ
ਹਰ ਬੰਦਾ ਕੋਈ ਜਾਲ਼ ਨੀ ਮਾਏ

ਸ਼ਹਿਰ ਦੇ ਸੁੱਖ ਕੀਹ ਲਿਖਾਂ ਤੈਨੂੰ
ਮੁੱਲ ਨਹੀਂ ਲਭਦੀ ਦਾਲ਼ ਨੀ ਮਾਏ

ਅਫ਼ਜ਼ਲ ਅਹਸਨ ਲੋਹਾ ਸੀ, ਪਰ
ਖਾ ਗਿਆ ਦਰਦ ਜੰਗਾਲ਼ ਨੀ ਮਾਏ
(ਰਾਹੀਂ: ਮਜ਼ਹਰ ਕਯੂਮ ਧਾਰੀਵਾਲ ਜਹਾਨੀਆਂ ਪਾਕਿਸਤਾਨ)
7. ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ
ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ
ਕਿਹੜਾ ਕਿਹੜਾ ਸੁੱਖ ਪਾਇਆ ਏ, ਛੱਡ ਕੇ ਤਖ਼ਤ ਹਜ਼ਾਰਾ ਮਾਂ

ਜੰਮਪਲ ਮੈਂ ਬਸੰਤਰ ਤੇ ਰਾਵੀ ਦੇ ਮਿੱਠੇ ਪਾਣੀ ਦਾ ਸਾਂ
ਜਿੱਥੇ ਜਾ ਕੇ ਉਮਰ ਗੁਜ਼ਾਰੀ, ਓਥੇ ਪਾਣੀ ਖਾਰਾ ਮਾਂ

ਜਿਹੜੀ ਜੂਹ ਦਾ ਮੈਂ ਲਾੜ੍ਹਾ ਸਾਂ, ਜਦ ਉਹ ਜੂਹ ਮੈਂ ਛੱਡੀ
ਲੱਖੋਂ ਕੱਖ ਤੇ ਕੱਖੋਂ ਹੌਲਾ ਹੋਇਆ ਸਾਂ ਦੁਖਿਆਰਾ ਮਾਂ

ਭਲਾ ਹੋਇਆ ਏ ਤੂੰ ਨਹੀਂ ਵੇਖਿਆ ਕਿੰਜ ਰੁਲਿਆ ਏ ਤੇਰੇ ਬਾਦ
ਤੇਰਾ ਹੀਰਾ, ਲਾਲ, ਜਵਾਹਰ, ਤੇਰੀ ਅੱਖ ਦਾ ਤਾਰਾ ਮਾਂ

ਭੰਨ ਤਰੋੜ ਕਬੀਲਦਾਰੀਆਂ ਦੋਹਰਾ ਕੀਤਾ, ਮੈਂ ਜੋ ਸਾਂ
ਤੇਰੇ ਦੁੱਧ ਤੇ ਪਲਿਆ ਹੋਇਆ, ਲੱਠ ਦੇ ਵਾਂਗ ਇਕਾਹਰਾ ਮਾਂ

ਤੂੰ ਕੀਹ ਘੜ੍ਹਨਾ ਚਾਹੁੰਦੀ ਸੈਂ ਤੇ ਕਿਸ ਸਾਂਚੇ ਵਿਚ ਢਲਿਆ ਮੈਂ
ਤੇਰਾ ਅਕਬਰ ਬਾਦਸ਼ਾਹ ਬਣ ਗਿਆ, ਹਾਵਾਂ ਦਾ ਵਣਜਾਰਾ ਮਾਂ

ਕਿਆਮਪੁਰ ਦੇ ਘੱਟੇ, ਮਿੱਟੀ ਮੇਰੀ ਦੇਹ ਨੂੰ ਰੰਗਿਆ ਇੰਜ
ਸਾਰੀ ਦੁਨੀਆਂ ਵੇਖੀ, ਵਾਚੀ ਕਿਤੇ ਨਾ ਰੰਗ ਹਮਾਰਾ ਮਾਂ

ਮੈਂ ਤੇ ਹੱਸ ਕੇ ਅਪਣੀ ਜ਼ਿੰਦਗੀ ਤੇਰੇ ਨਾਵੇਂ ਲਾ ਦੇਂਦਾ
ਤੇਰੀ ਘਟੀ ਜੇ ਵਧ ਸਕਦੀ ਤੇ ਕਰਦਾ ਕੋਈ ਚਾਰਾ ਮਾਂ

ਬੁੱਢੇ ਵਾਰੇ ਤੱਕ ਮਾਪੇ ਕਦ ਸਾਥ ਨਿਭਾਉਂਦੇ ਦੁਨੀਆਂ ਵਿਚ
ਬੁੱਢੇ ਵਾਰੇ ਮੈਨੂੰ ਜਾਪੇ ਏਹੋ ਇਕ ਦੁੱਖ ਭਾਰਾ ਮਾਂ

ਬੱਸ ਕਰ ਅਫ਼ਜ਼ਲ ਅਹਸਨ! ਮਾਂ ਤੋਂ ਕਦ ਇਹ ਸੁਣਿਆਂ ਜਾਣਾ ਸਭ
ਏਹੋ ਆਖ ਮੈਂ ਖੈਰੀਂ ਵੱਸਨਾਂ, ਚੰਗਾ ਬਹੁਤ ਗੁਜ਼ਾਰਾ ਮਾਂ
8. ਸਾਰੇ ਔਖੇ ਭਾਰੇ ਸਾਹਿਬ
ਸਾਰੇ ਔਖੇ ਭਾਰੇ ਸਾਹਿਬ
ਤੂੰ ਹੀ ਕਾਜ ਸਵਾਰੇ ਸਾਹਿਬ

ਸ਼ੇਅਰ 'ਚ ਰੂਹ ਹੋਵੇ ਤੇ ਬੋਲੇ
ਗੂੰਗੇ ਲਫ਼ਜ਼ ਨਕਾਰੇ ਸਾਹਿਬ

ਕਰ ਗਏ ਚੱਟ ਖੇਤੀ ਸਭ ਰਾਖੇ
ਲੋਕੀ ਭੁੱਖ ਨੇ ਮਾਰੇ ਸਾਹਿਬ

ਕਹਿਤ ਭੁਚਾਲ ਬਿਮਾਰੀਆਂ ਸੋਕੇ
ਤੇਰੇ ਹੈਣ ਇਸ਼ਾਰੇ ਸਾਹਿਬ

ਰੱਜਿਆ ਗ਼ਾਫ਼ਿਲ, ਭੁੱਖਾ ਹਾਜ਼ਿਰ
ਖੜਾ ਤੇਰੇ ਦਰਬਾਰੇ ਸਾਹਿਬ

ਜਿਹਨੂੰ ਕਿਤੇ ਨਾ ਢੋਈ ਲੱਭੇ
ਪੁੱਜਿਆ ਤੇਰੇ ਦਵਾਰੇ ਸਾਹਿਬ

ਮਹਿਕਾਂ, ਰੰਗ, ਰੋਸ਼ਨੀਆਂ, ਲੋਆਂ
ਤੇਰੇ ਨੂਰ ਨਜ਼ਾਰੇ ਸਾਹਿਬ

ਕੁੱਲ੍ਹੀ ਦੇਹ ਮੈਂ ਮੰਗਦਾ ਨਹੀਂ
ਮਾੜੀਆਂ, ਮਹਿਲ, ਚੁਬਾਰੇ ਸਾਹਿਬ

'ਅਫ਼ਜ਼ਲ ਅਹਸਨ' ਦਮ ਦਮ ਪਲ ਪਲ
ਤੇਰਾ ਨਾਓਂ ਚਿਤਾਰੇ ਸਾਹਿਬ
9. ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ
ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ
ਮਾਏ! ਤੇਰੇ ਵਰਗੇ ਹੱਥ ਹੁਣ ਬੰਦਾ ਕਿਥੋਂ ਲਿਆਏ

ਅੰਦਰੋਂ ਭੱਜਣ ਟੁੱਟਣ ਉੱਤੋਂ ਹੱਸਦੇ ਦੇਣ ਵਖਾਲੀ
ਮਾਏ! ਇਕ ਦੂਜੇ ਨੂੰ ਦੁੱਖ ਨਈਂ ਦਸਦੇ ਤੇਰੇ ਜਾਏ

ਬੁੱਢੇ ਹੋ ਕੇ ਅਕਸਰ ਅਪਣੇ ਮਾਪਿਆਂ ਵਰਗੇ ਲਗਦੇ
ਮਾਪੇ ਅਪਣੇ ਬੱਚਿਆਂ ਅੰਦਰ ਜਿਉਂਦੇ ਜਾਗਦੇ ਆਏ

ਦਰਦਾਂ ਦੀ ਫੁਲਕਾਰੀ ਬਖ਼ਸ਼ੀ ਨਾਲ ਹੀ ਇਹ ਫ਼ਰਮਾਇਆ
ਦਰਦ ਦੇ ਖਾਨਿਆਂ ਪਿੜੀਆਂ ਵਿਚ ਹੀ ਬੰਦਾ ਉਮਰ ਲੰਘਾਏ

ਅੱਲ੍ਹਾ ਦੀ ਮਨਜ਼ੂਰੀ ਮਾਪਿਆਂ ਦੀਆਂ ਦੁਆਵਾਂ ਨਾਲ
ਤੇਰੇ ਬੱਚਿਆਂ ਮਿਹਨਤਾਂ ਮਾਰੀਆਂ ਵੱਡੇ ਮਰਾਤਬੇ ਪਾਏ

ਯੂਸਫ਼ ਸੀ ਪੈਗ਼ੰਬਰ ਜ਼ਾਦਾ ਮੈਂ ਮਾੜਾ ਜਿਹਾ ਜੱਟ
ਮੈਂ ਵਿਕਣ ਨੂੰ ਆਇਆ ਮੈਨੂੰ ਕੌਣ ਖਰੀਦ ਲੈ ਜਾਏ

ਪਿੰਡ ਵਿਚ ਕੋਈ ਮਰੇ ਤੇ ਸੋਗ 'ਚ ਰਲਦੇ ਸਾਰੇ ਲੋਕ
ਸ਼ਹਿਰ 'ਚ ਰਲਦੇ ਨਹੀਂ ਜਨਾਜ਼ੇ ਨਾਲ ਵੀ ਦੋ ਹਮਸਾਏ

ਤਖਲੀਕਾਂ ਦੇ ਸੋਮੇ ਫੁੱਟਣ ਦਰਦ ਫ਼ਿਰਾਕਾਂ ਵਿਚੋਂ
ਅਫ਼ਜ਼ਲ ਅਹਸਨ! ਏਸ ਦੁੱਖ ਤੇ ਬੰਦਾ ਰੋ ਰੋ ਖ਼ੁਸ਼ੀ ਮਨਾਏ
10. ਜਦ ਹੁਨਰੀਆਂ ਲਈ ਸੰਭਾਲ ਗ਼ਜ਼ਲ
ਜਦ ਹੁਨਰੀਆਂ ਲਈ ਸੰਭਾਲ ਗ਼ਜ਼ਲ
ਤਦ ਹੋ ਹੋ ਗਈ ਨਿਹਾਲ ਗ਼ਜ਼ਲ

ਇਰਾਨ ਤੋਂ ਤੁਰਦੀ ਆਣ ਵੜੀ
ਪੰਜਾਬੀਆਂ ਦੇ ਚੌਪਾਲ ਗ਼ਜ਼ਲ

ਮੰਗੇ ਕਈ ਇਸ਼ਕ ਦੇ ਸਾਲ ਗ਼ਜ਼ਲ
ਫਿਰ ਆਪਾ ਦਏ ਵਖਾਲ ਗ਼ਜ਼ਲ

ਯਾ ਨਾਫ਼ੇ ਵਿਚ ਯਾ ਅੱਖਾਂ ਵਿਚ
ਸਾਂਭੀ ਪਏ ਫਿਰਨ ਗ਼ਜ਼ਾਲ ਗ਼ਜ਼ਲ

ਫ਼ਾਰਸ ਦੀ ਤੇ ਮਹਿਬੂਬਾ ਸੀ
ਪੰਜਾਬ ਦੇ ਦਿਲ ਦੇ ਨਾਲ ਗ਼ਜ਼ਲ

ਹਾਫ਼ਿਜ਼ ਕਿੱਥੇ, ਗ਼ਾਲਿਬ ਕਿੱਥੇ,
ਪੁੱਛਦੀ ਹੈ ਰੋਜ਼ ਸਵਾਲ ਗ਼ਜ਼ਲ

ਥੋੜ੍ਹੀ ਕਹਿ ਗਏ, ਚੰਗੀ ਕਹਿ ਗਏ
ਕੁਛ ਫ਼ੈਜ਼ ਤੇ ਕੁਛ ਇਕਬਾਲ ਗ਼ਜ਼ਲ

ਲਫ਼ਜ਼ਾਂ ਦੀ ਸ਼ਾਨ ਜਲਾਲ ਗ਼ਜ਼ਲ
ਲਫ਼ਜ਼ਾਂ ਦੀ ਫੱਬ ਜਮਾਲ ਗ਼ਜ਼ਲ

ਔਰਤ ਨਾਲ ਬਾਤਾਂ ਕਰਦੀ ਸੀ
ਹੁਣ ਸਾਂਭੇ ਰੋਂਦੇ ਬਾਲ ਗ਼ਜ਼ਲ

ਹੈ ਜਾਮ ਏ ਜਮ ਵਿਖਾਉਂਦੀ ਹੈ
ਸਾਨੂੰ ਸਾਡੇ ਅਹਿਵਾਲ ਗ਼ਜ਼ਲ

ਉੱਚਾ ਨੀਵਾਂ ਸੌ ਵਾਰ ਆਇਆ
ਚਲਦੀ ਰਹੀ ਅਪਣੀ ਚਾਲ ਗ਼ਜ਼ਲ

ਇਰਾਨ 'ਚ ਵੀ ਚੌਧਰਾਣੀ ਸੀ
ਪੰਜਾਬ 'ਚ ਵੀ ਖ਼ੁਸ਼ਹਾਲ ਗ਼ਜ਼ਲ

ਇਹ ਫ਼ੈਸਲਾ ਕਰਨਾ ਔਖਾ ਏ
ਕਿੱਥੇ ਪਾਇਆ ਜਾ ਕਮਾਲ ਗ਼ਜ਼ਲ

ਅਫ਼ਜ਼ਲ ਅਹਸਨ! ਵੰਡ ਲਈ ਰੰਗਾਂ
ਕੁਝ ਸਾਵੀ ਹੈ ਕੁਝ ਲਾਲ ਗ਼ਜ਼ਲ

ਲਿਖ ਸਕੀਏ ਯਾ ਨਾ ਲਿਖ ਸਕੀਏ
ਰਹਿੰਦੀ ਹੈ ਹਰਦਮ ਨਾਲ ਗ਼ਜ਼ਲ

ਇਜ਼ਹਾਰ ਹੈ ਜ਼ਾਤ ਦਾ ਕੁਝਨਾਂ ਲਈ
ਕੁਝਨਾਂ ਲਈ ਰੋਟੀ ਦਾਲ ਗ਼ਜ਼ਲ

ਇਹ ਰੂਹਾਂ ਦੀ ਹੈ ਮੌਸੀਕੀ
ਮੰਗਦੀ ਹੈ ਸਹੀ ਸੁਰ ਤਾਲ ਗ਼ਜ਼ਲ

ਕੋਈ ਫੜਕਦਾ ਸ਼ੇਅਰ ਜੇ ਹੋ ਜਾਵੇ
ਲਏ ਮੁਰਦੇ ਨੂੰ ਵੀ ਜਿਵਾਲ ਗ਼ਜ਼ਲ

ਅਫ਼ਜ਼ਲ ਅਹਸਨ! ਗੱਲ ਮੁੱਕ ਜਾਂਦੀ
ਜੇ ਕਰ ਨਾ ਬਣਦੀ ਢਾਲ ਗ਼ਜ਼ਲ

ਅੱਧੀ ਰਤੀਂ ਮੇਰੇ ਸਿਰ ਵਿਚ
ਪਾਉਂਦੀ ਹੈ ਆਣ ਧਮਾਲ ਗ਼ਜ਼ਲ

ਲਫ਼ਜ਼ਾਂ ਦਾ ਮੱਟ ਸ਼ਾਇਰ ਪਾਵੇ
ਕੱਢ ਲੈਂਦਾ ਕੋਈ ਕਲਾਲ ਗ਼ਜ਼ਲ

ਕੋਈ ਕਾਫ਼ੀਆ ਪਿੱਛੇ ਛੱਡੇ ਵੀ
ਕਰ ਦੇਂਦੀ ਹੈ ਕੰਗਾਲ ਗ਼ਜ਼ਲ

ਨਾਕਦਰਿਆਂ ਨਾਅਹਿਸਾਸਿਆਂ ਦਾ
ਕਰਦੀ ਹੈ ਬਹੁਤ ਮਲਾਲ ਗ਼ਜ਼ਲ

ਨਹੀਂ ਢਹਿੰਦੀ ਤਗੜੀ ਹੈ ਕੋਠੀ
ਵੇਂਹਦੀ ਹੈ ਰੋਜ਼ ਭੁਚਾਲ ਗ਼ਜ਼ਲ

ਅਫ਼ਜ਼ਲ ਅਹਸਨ! ਨਈਂ ਮਰਨ ਲੱਗੀ,
ਪੈਰਾਂ ਤੇ ਹੈ ਤਾ ਹਾਲ ਗ਼ਜ਼ਲ

ਕੋਈ ਆ ਕੇ ਰੇਤੀ ਫੇਰ ਦਵੇ
ਖਾ ਜਾਂਦੀ ਜਦੋਂ ਜੰਗਾਲ ਗ਼ਜ਼ਲ

ਛੋਹਰਾਂ ਨੇ ਚੜ੍ਹ ਰੜੀ ਤੇ ਲਈ
ਕਰਦੀ ਰਹੀ ਕੀਲ-ਓ-ਕਾਲ ਗ਼ਜ਼ਲ

ਜੇ ਇਲਮ ਦੇ ਜੋਤਰੇ ਲਗਦੇ ਰਹਿਣ
ਨਹੀਂ ਹੁੰਦੀ ਫੇਰ ਵਰ੍ਹੇਆਲ ਗ਼ਜ਼ਲ

ਵਸਦਾ ਰਹੇ ਨਗਰ ਮੁਹੱਬਤ ਦਾ
ਜੰਮਦੀ ਰਹੇ ਨਵੇਂ ਮਸਾਲ ਗ਼ਜ਼ਲ

ਮਹਿਬੂਬਾ ਤੇ ਸੀ ਫ਼ਾਰਸੀ ਦੀ
ਉਰਦੂ ਨੇ ਲਈ ਸੰਭਾਲ ਗ਼ਜ਼ਲ

'ਅਫ਼ਜ਼ਲ ਅਹਸਨ' ਅੱਲ੍ਹਾ ਬਖ਼ਸ਼ੇ
ਰਖਦਾ ਸੀ ਦਿਲ ਦੇ ਨਾਲ ਗ਼ਜ਼ਲ
11. ਇੰਜ ਹਯਾਤੀ ਪਈ ਮਧੋਲੇ
ਇੰਜ ਹਯਾਤੀ ਪਈ ਮਧੋਲੇ
ਆਪ ਰੁਲੇ ਤੇ ਸਾਨੂੰ ਰੋਲੇ

ਮਾਸ਼ੂਕਾਂ ਦੀ ਇਕੋ ਬਣਤਰ
ਅੰਦਰੋਂ ਸਖਤੇ ਬਾਹਰੋਂ ਪੋਲੇ

ਅਮਨ ਦੀ ਥਾਂ ਹੁਣ ਕਿਹੜੀ ਰਹਿ ਗਈ
ਮਸਜਿਦ ਵਿਚ ਪਏ ਫਟਦੇ ਗੋਲੇ

ਤਗੜਾ ਹੋ ਕੇ ਪੈਰਾਂ ਤੇ ਹੋ
ਬੰਦਿਆ ! ਖਾਹ ਨਾ ਡੱਕੇ ਡੋਲੇ

ਚਲਦੀ ਸਾਹ ਦਾ ਰੰਡੀ ਰੋਣਾ
ਚਲਦੀ ਸਾਹ ਦੇ ਰੌਲੇ ਗੌਲੇ

ਹੜ੍ਹ ਵਾਂਗੂੰ ਚੜ੍ਹ ਆਇਆ ਆਪੂੰ
ਪਿੱਛੇ ਰਹਿ ਗਏ ਕਿਤੇ ਵਿਚੋਲੇ

ਫੜ ਕੇ ਮੋੜ ਦਿੱਤੇ ਪਾਣੀ ਨੂੰ
ਜਲ 'ਚ ਆਏ ਦੁੰਬੜੇ ਦੌਲੇ

ਕਿੰਨੇ ਸਾਹ ਹਯਾਤੀ ਬਾਕੀ
ਕੌਣ ਰੰਧਾਵਿਆ ਜੋਖੇ ਤੋਲੇ
ਨਵਾਂ ਘੱਲੂਘਾਰਾ
ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ ।
ਅੱਜ ਮੇਰੇ ਥਣਾਂ 'ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ ।
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ ।
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ 'ਤਾਂਹ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ ।
ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ ।
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਡਲ੍ਹਕਾਂ ਮਾਰਦਾ ਰੰਗ ।
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ ।

ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ ।
ਜਿਥੇ ਦੁਨੀਆਂ ਮੱਥਾ ਟੇਕਦੀ
ਓਹ ਬੂਟਾਂ ਛੱਡੀ ਭਿੱਟ ।

ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾ' ਲਾਲੋ ਲਾਲ ।

ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ ।

ਮੇਰਾ ਚੂੜਾ ਰਾਤ ਸੁਹਾਗ ਦਾ
ਹੋਇਆ ਏਦਾਂ ਲੀਰੋ ਲੀਰ ।
ਜਿੱਦਾਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ ।

ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ ।
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ 'ਤੇ ਰਤਾ ਨਾ ਮੈਲ ।

ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ ।
ਉਂਝ ਡੱਕੇ ਰਹਿ ਗਏ ਘਰਾਂ 'ਚ
ਮੇਰੇ ਲੱਖਾਂ ਪੁੱਤਰ ਸ਼ੇਰ ।

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੇ ਲੂੰ ਲੂੰ 'ਚੋਂ ਪਈ ਵਗਦੀ
ਭਾਵੇਂ ਲਹੂ ਦੀ ਇਕ ਇਕ ਨਹਿਰ ।
ਮੈਂ ਅਜੇ ਜਿਉਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ ।

ਮੈਂ ਮਰ ਨਹੀਂ ਸਕਦੀ ਕਦੇ ਵੀ
ਭਾਵੇਂ ਵੱਢਣ ਅੱਠੇ ਪਹਿਰ ।
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਲਣ ਜ਼ਹਿਰ ।

ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਹਰ ਬਾਂਹ ਇਕ ਇਕ ਲਹਿਰ ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ ।

ਮੇਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਹਰ ਵਰਕਾ ਪੜ੍ਹ ।
ਜਦੋਂ ਭਾਰੀ ਬਣੀ ਹੈ ਮਾਂ 'ਤੇ
ਮੇਰੇ ਪੁੱਤਰ ਆਏ ਚੜ੍ਹ ।

ਪੜ੍ਹ ! ਕਿੰਨੀ ਵਾਰੀ ਮਾਂ ਤੋਂ
ਉਨ੍ਹਾਂ ਵਾਰੀ ਆਪਣੀ ਜਾਨ ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਨ੍ਹਾਂ ਨਹੀਂ ਸੀ ਰੱਖਿਆ ਮਾਣ ।

ਸੁਣ ਰਾਹੀਆ ਰਾਹੇ ਜਾਂਦਿਆ !
ਤੂੰ ਲਿਖ ਰੱਖੀਂ ਇਹ ਬਾਤ ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ ।


Punjabi Ghazals Akbar Qazmi
ਪੰਜਾਬੀ ਗ਼ਜ਼ਲਾਂ ਅਕਬਰ ਕਾਜ਼ਮੀ
੧. ਅਪਣੇ ਜ਼ਖ਼ਮਾਂ ਦੇ ਨਜ਼ਾਰੇ ਦੇਖਦਾਂ
ਅਪਣੇ ਜ਼ਖ਼ਮਾਂ ਦੇ ਨਜ਼ਾਰੇ ਦੇਖਦਾਂ ।
ਦਿਨ ਦੇ ਵੇਲੇ ਵੀ ਮੈਂ ਤਾਰੇ ਦੇਖਦਾਂ ।

ਕੀ ਕਰਾਂ ਮੈਂ ਅਰਸ਼ ਦੇ ਮਜ਼ਲੂਮ ਦਾ ?
ਫ਼ਰਸ਼ 'ਤੇ ਦਰਦਾਂ ਦੇ ਮਾਰੇ ਦੇਖਦਾਂ ।

ਕਿੰਨੇ ਕੋਠੇ ਨੇ ਇਨ੍ਹਾਂ ਦੀ ਜ਼ੱਦ ਵਿੱਚ ?
ਸ਼ਹਿਰ ਦੇ ਉੱਚੇ ਮੁਨਾਰੇ ਦੇਖਦਾਂ ।

ਕੌਣ ਤਕਦੀਰਾਂ ਨੂੰ ਰੋਵੇ ਬੈਠ ਕੇ ?
ਕੌਣ ਜ਼ੰਜੀਰਾਂ ਉਤਾਰੇ ? ਦੇਖਦਾਂ ।

ਹੱਕ ਦੀ ਖ਼ਾਤਰ ਪਈ ਆਵਾਜ਼ ਦੇ-
ਵੱਧ ਕੇ ਪੱਥਰ ਕੌਣ ਮਾਰੇ ? ਦੇਖਦਾਂ ।

ਕਹਿਰ ਦੇ ਮਾਰੇ ਅਸੀਂ ਹਾਂ 'ਅਕਬਰਾ',
ਕੌਣ ਹੁਣ ਜ਼ੁਲਫ਼ਾਂ ਸੰਵਾਰੇ ? ਦੇਖਦਾਂ ।
੨. ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ
ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ ।
ਰਾਤ ਨੂੰ ਸੂਰਜ ਦੇਖਾਂ 'ਅਕਬਰ', ਦਿਨ ਨੂੰ ਦੇਖਾਂ ਤਾਰੇ ।

ਗੁੰਮ-ਸੁੰਮ ਖੜ੍ਹੀਆਂ ਮੇਰੀਆਂ ਸੱਧਰਾਂ ਤੇਰਾ ਰਸਤਾ ਦੇਖਣ,
ਜੁਗਨੂੰਆਂ ਵਾਂਗੂੰ ਦੇਣ ਭੁਲੇਖੇ ਵੇਲੇ ਦੇ ਲਿਸ਼ਕਾਰੇ ।

ਚਾਰ-ਚੁਫੇਰੇ ਜਾਗਦਿਆਂ ਖ਼ਾਬਾਂ ਨੇ ਪਹਿਰਾ ਲਾਇਆ,
ਰੰਗ-ਬਰੰਗੇ, ਬੇ-ਤਰਤੀਬੇ ਜਜ਼ਬੇ ਲੈਣ ਹੁਲਾਰੇ ।

ਯਾਦ ਤਿਰੀ ਜਦ ਆਵੇ ਦਿਲ 'ਚੋਂ ਇੰਜ ਆਵਾਜ਼ਾਂ ਆਵਣ-
ਰਾਤ ਦੇ ਪਿਛਲੇ-ਪਹਿਰ ਜਿਉਂ ਕੋਈ ਖੂਹ ਵਿੱਚ ਪੱਥਰ ਮਾਰੇ ।

ਲਹਿਰਾਂ ਦਿੰਦੀਆਂ ਤੇਜ਼ ਹਵਾਵਾਂ, ਬਿੱਟ-ਬਿੱਟ ਪਈਆਂ ਤੱਕਣ,
ਉਖੜਿਆਂ ਉਖੜਿਆਂ ਸਾਹਵਾਂ ਉੱਤੇ ਲੋਕਾਂ ਮਹਿਲ ਉਸਾਰੇ ।

ਉੱਚੇ-ਉੱਚੇ ਕੋਠਿਆਂ ਉੱਤੇ ਛੋਟੇ ਛੋਟੇ ਬੰਦੇ,
ਇੰਜ ਪਏ ਜਾਪਣ, ਜਿਵੇਂ ਜ਼ਮਾਨੇ ਸ਼ੀਸ਼ੇ ਵਿੱਚ ਉਤਾਰੇ ।

ਜਦੋਂ ਅਚਾਨਕ ਰਾਤਾਂ ਵੇਲੇ ਚੰਦ ਚਮਕਦਾ ਦੇਖਾਂ,
'ਅਕਬਰ' ਮੇਰੇ ਅੰਦਰੋਂ ਕੋਈ ਮੈਨੂੰ 'ਵਾਜ਼ਾਂ ਮਾਰੇ ।
੩. ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ
ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ ।
ਜਿਹੜੇ ਨਹੀਂ ਸੀ ਲੱਭਦੇ ਆਪੇ ਘੇਰੇ ਮੈਂ ।

ਕਦੀ ਤੇ ਸੂਰਜ ਮੋਢੇ ਆਣ ਖਲੋਵੇਗਾ,
ਜੱਫੀਉਂ ਜੱਫੀ ਹੋਵਾਂ ਨਾਲ ਹਨੇਰੇ ਮੈਂ ।

ਕੋਈ ਹਿਲਾ ਨਾ ਸਕਿਆ ਸੋਚ-ਜ਼ੰਜੀਰਾਂ ਨੂੰ,
ਉਂਜ ਲਏ ਨੇ ਕਈ ਚਿੰਤਾ ਦੇ ਫੇਰੇ ਮੈਂ ।

ਚਿੱਟੇ ਨਾਗ਼ਾਂ ਨੂੰ ਵੀ ਕੋਈ ਕੀਲੇਗਾ,
ਡਿੱਠੇ ਫਿਰਦੇ ਸ਼ਹਿਰਾਂ ਵਿਚ ਸਪੇਰੇ ਮੈਂ ।

ਜਦ ਵੀ ਕਿਧਰੇ ਗੱਲ ਹੋਈ ਵੰਗਾਰੀ ਦੀ,
ਚੇਤੇ ਰੱਖੇ ਅੱਖਰਾਂ ਵਿੱਚ ਪਸੇਰੇ ਮੈਂ ।

ਕੋਈ ਸਾਹਵਾਂ ਦੀ ਯਾਰੀ ਤੋੜ ਨਿਭਾਉਂਦਾ ਨਹੀਂ,
'ਅਕਬਰ' ਛੱਜ ਪਾ ਛੰਡ ਲਏ ਯਾਰ ਵਧੇਰੇ ਮੈਂ ।
੪. ਚਾਰ ਚੁਫੇਰੇ ਨ੍ਹੇਰਿਆਂ ਦਾ ਇੱਕ ਹਾਲਾ ਏ
ਚਾਰ ਚੁਫੇਰੇ ਨ੍ਹੇਰਿਆਂ ਦਾ ਇੱਕ ਹਾਲਾ ਏ ।
ਇੰਜ ਲੱਗੇ ਜਿਉਂ ਸੂਰਜ ਦਾ ਮੂੰਹ ਕਾਲਾ ਏ ।

ਹੁਣ ਕੋਈ 'ਸੁਕਰਾਤ' ਨਹੀਂ ਹੈਗਾ ਦੁਨੀਆਂ ਵਿੱਚ,
ਵੇਲੇ ਦੇ ਹੱਥ ਕਿਉਂ ਇਹ ਜ਼ਹਿਰ ਪਿਆਲਾ ਏ ।

ਸ਼ਹਿਰ ਦਿਆਂ ਲੋਕਾਂ ਦੇ ਚਾਲੇ ਦੱਸਦੇ ਨੇ,
ਮੁੜ ਜ਼ਖ਼ਮਾਂ ਦਾ ਮੇਲਾ ਲੱਗਣ ਵਾਲਾ ਏ ।

ਸਿੱਕਾਂ, ਸੱਧਰਾਂ ਸੀਨੇ ਵਿੱਚ ਕੁਰਲਾਂਦੀਆਂ ਨੇ,
'ਅਕਬਰ' ਨੇ ਬੁੱਲ੍ਹਾਂ ਤੇ ਲਾਇਆ ਤਾਲਾ ਏ ।
੫. ਅਸਮਾਨਾਂ ਤੱਕ ਪਹੁੰਚਿਆ ਇਕ ਆਵਾਜ਼ਾ ਏ
ਅਸਮਾਨਾਂ ਤੱਕ ਪਹੁੰਚਿਆ ਇਕ ਆਵਾਜ਼ਾ ਏ ।
ਧਰਤੀ ਦੇ ਮੁੱਖੜੇ 'ਤੇ ਝੂਠਾ ਗ਼ਾਜ਼ਾ ਏ ।

ਸੱਜਨਾਂ ਦੀ ਬੂ ਆਵੇ ਮਿਰਿਆਂ ਜ਼ਖ਼ਮਾਂ 'ਚੋਂ,
ਮੂੰਹ 'ਤੇ ਸੱਚ ਬੋਲਣ ਦਾ ਇਹ ਖਮਿਆਜ਼ਾ ਏ ।

ਇਹ ਰਸਤਾ ਵੀ ਜੰਗਲ ਦੇ ਵੱਲ ਜਾਵੇਗਾ,
ਰੁੱਖਾਂ ਉੱਤੋਂ ਲਾਇਆ ਮੈਂ ਅੰਦਾਜ਼ਾ ਏ ।

ਬਾਹਰ ਖੜ੍ਹਾ ਏ ਲਸ਼ਕਰ ਜ਼ਖ਼ਮੀ ਲੋਕਾਂ ਦਾ,
ਹਸਪਤਾਲ ਦਾ ਇੱਕੋ ਹੀ ਦਰਵਾਜ਼ਾ ਏ ।

ਨਹਿਰ 'ਫ਼ਰਾਤ' ਤੇ ਹੁਣ ਵੀ ਪਹਿਰੇ ਲੱਗੇ ਨੇ,
ਸੱਚਾਈ ਦਾ ਖ਼ੌਫ਼ ਅਜੇ ਤੱਕ ਤਾਜ਼ਾ ਏ ।

'ਅਕਬਰ' ਕਿਸ ਦਾ ਨਾਂ ਬੁੱਲ੍ਹਾਂ 'ਤੇ ਆਇਆ ਈ,
ਦਰਦ ਪਰਾਇਆ ਮੁੜ ਕਿਉਂ ਹੋਇਆ ਤਾਜ਼ਾ ਏ ?
੬. ਜਿਉਂ ਜਿਉਂ ਕੋਠੇ ਉੱਚੇ ਹੁੰਦੇ ਜਾਂਦੇ ਨੇ
ਜਿਉਂ ਜਿਉਂ ਕੋਠੇ ਉੱਚੇ ਹੁੰਦੇ ਜਾਂਦੇ ਨੇ ।
ਤਿਉਂ ਤਿਉਂ ਬੰਦੇ ਛੋਟੇ ਹੁੰਦੇ ਜਾਂਦੇ ਨੇ ।

ਪਿਆਰ ਦੀ ਦੁਨੀਆਂ ਅੰਦਰ ਜਿਹੜੇ ਚਲਦੇ ਸਨ,
ਉਹ ਸਿੱਕੇ ਵੀ ਖੋਟੇ ਹੁੰਦੇ ਜਾਂਦੇ ਨੇ ।

ਰੱਬਾ ! ਮੇਰੇ ਪਾਕ ਵਤਨ ਦੀ ਖ਼ੈਰ ਕਰੀਂ,
ਜ਼ਿਹਨਾਂ ਦੇ ਤੇ ਟੋਟੇ ਹੁੰਦੇ ਜਾਂਦੇ ਨੇ ।

ਰਾਵ੍ਹਾਂ ਵਿੱਚੋਂ ਕੰਡੇ ਚੁਗ ਚੁਗ ਥਕ ਗਿਆ ਵਾਂ,
ਜ਼ਖ਼ਮੀ ਉਂਗਲਾਂ ਪੋਟੇ ਹੁੰਦੇ ਜਾਂਦੇ ਨੇ ।

ਵੱਡਿਆਂ ਵੱਡਿਆਂ ਸ਼ਮਲਿਆਂ ਵਾਲੇ ਸਭ ਲੇਖਕ,
ਹੁਣ ਬੇਪੇਂਦੇ ਲੋਟੇ ਹੁੰਦੇ ਜਾਂਦੇ ਨੇ ।
੭. ਕੀ ਦੱਸਾਂ ਮੈਂ ਕਿਹੜੀ ਕਿਹੜੀ ਸਿਰੋਂ ਮੁਸੀਬਤ ਟਾਲੀ ਏ
ਕੀ ਦੱਸਾਂ ਮੈਂ ਕਿਹੜੀ ਕਿਹੜੀ ਸਿਰੋਂ ਮੁਸੀਬਤ ਟਾਲੀ ਏ ।
ਪੰਝੀ ਵਰ੍ਹੇ ਕਮਾਂਦਿਆਂ ਗੁਜ਼ਰੇ ਫੇਰ ਵੀ ਝੋਲੀ ਖ਼ਾਲੀ ਏ ।

ਅੰਦਰੋਂ ਤੇ ਸਭ ਮਰੇ ਹੋਏ ਨੇ ਉੱਤੋਂ ਉੱਤੋਂ ਹਸਦੇ ਨੇ,
ਹਰ ਇਕ ਮੁਖੜਾ ਲੁਟਿਆ ਲੁਟਿਆ ਹਰ ਇਕ ਅੱਖ ਸਵਾਲੀ ਏ ।

ਜਿਹੜਾ ਵੀ ਜ਼ੋਰਾਵਰ ਆਕੇ ਬਾਗ਼ ਉਜਾੜਾ ਪਾਉਂਦਾ ਏ,
ਲੋਕੀ ਡਰਦੇ ਆਖਣ ਉਸਨੂੰ ਸਾਡੇ ਬਾਗ਼ ਦਾ ਮਾਲੀ ਏ ।

ਜਿਸਦਾ ਘਰ ਹੈ ਲੁਟਿਆ ਜਾਂਦਾ ਸੁਖ ਦੀ ਨੀਂਦਰ ਸੌਂਦਾ ਨਈਂ,
ਮੂਰਖ ਫੇਰ ਵੀ ਜਸ਼ਨ ਮਨਾਵਣ ਆਖਣ ਹਿੰਮਤ ਆਲੀ ਏ ।

'ਅਕਬਰ' ਜਿਹੜੇ ਰੁਖ ਦੇ ਥੱਲੇ ਬਹਿਕੇ ਔਂਸੀਆਂ ਪਾਉਨਾਂ ਏਂ,
ਇਹਦੇ ਇਕ ਇਕ ਪੱਤਰ ਉੱਤੇ ਸੌ ਸੌ ਨਕਸ਼ ਖ਼ਿਆਲੀ ਏ ।
੮. ਕਿਸਦੇ ਹੱਥ ਸਦਾਕਤ ਏਥੇ ਆਈ ਏ
ਕਿਸਦੇ ਹੱਥ ਸਦਾਕਤ ਏਥੇ ਆਈ ਏ ?
ਕਿਸਨੇ ਹਸਕੇ ਮੌਤ ਕਲੇਜੇ ਲਾਈ ਏ ।

ਕੌਣ ਏਂ ਜਿਹੜਾ ਹਕ ਲਈ ਸੂਲੀ 'ਤੇ ਚੜ੍ਹਿਆ,
ਕੌਣ ਏਂ ਜਿਸ ਮੂੰਹ ਆਈ ਗੱਲ ਸੁਣਾਈ ਏ ।

ਰਾਤੀਂ ਅਸੀਂ ਹਨੇਰਿਆਂ ਨਾਲ ਰਹੇ ਲੜਦੇ,
ਦਿਨ ਚੜ੍ਹਿਆ ਤੇ ਕਿਸ ਦੇ ਹੱਥ ਖ਼ੁਦਾਈ ਏ ।

ਜਦ ਵੀ ਛੇੜਿਆ ਕਿਸੇ ਨੇ ਜ਼ਿਕਰ ਸਦਾਕਤ ਦਾ,
ਓਦੋਂ ਮੈਨੂੰ ਯਾਦ ਹੁਸੈਨ ਦੀ ਆਈ ਏ ।

ਮੁੜ ਲੋਕਾਂ ਨੇ ਰਾਹ ਵਿਚ ਦੀਵੇ ਬਾਲੇ ਨੇ,
ਖ਼ਬਰੇ ਮੁੜ ਅੱਜ ਕਿਸਦੀ ਸ਼ਾਮਤ ਆਈ ਏ ।

ਵੇਲੇ ਦਾ ਮਨਸੂਰ ਕਹਾਉਣਾ ਸੌਖਾ ਨਈਂ,
'ਅਕਬਰ' ਤੈਨੂੰ ਪੱਟੀ ਕੇਸ ਪੜ੍ਹਾਈ ਏ ।
੯. ਤੇਰਿਆਂ ਰੰਗਾਂ ਵਿਚ ਸਮਾਇਆ ਹੁੰਦਾ ਮੈਂ
ਤੇਰਿਆਂ ਰੰਗਾਂ ਵਿਚ ਸਮਾਇਆ ਹੁੰਦਾ ਮੈਂ ।
ਜੇ ਤੇਰੇ ਜੁੱਸੇ ਦਾ ਸਾਇਆ ਹੁੰਦਾ ਮੈਂ ।

ਨਾਂ ਨਾ ਲੈਂਦੇ ਕਦੇ ਬਹਾਰਾਂ ਵੇਖਣ ਦਾ,
ਜੇਕਰ ਅਪਣਾ ਹਾਲ ਸੁਣਾਇਆ ਹੁੰਦਾ ਮੈਂ ।

ਹਕ ਦੇ ਸ਼ਹਿਰ 'ਚ ਨਕਸ਼ ਨੇ ਕਿਸ ਦਿਆਂ ਪੈਰਾਂ ਦੇ,
ਇਕ ਦੋ ਘੜੀਆਂ ਪਹਿਲਾਂ ਆਇਆ ਹੁੰਦਾ ਮੈਂ ।

ਪਿਆਰ ਦੇ ਪਿੰਡੋਂ ਪੱਥਰ ਵੀ ਜੇ ਲੱਭ ਪੈਂਦਾ,
ਰਾਵ੍ਹਾਂ ਦੇ ਲਈ ਮੀਲ ਬਣਾਇਆ ਹੁੰਦਾ ਮੈਂ ।

'ਅਕਬਰ' ਮੈਂ ਸੋਚਾਂ ਵਿਚ ਡੁੱਬਾ ਰਹਿਨਾਂ ਵਾਂ,
ਕਿਸੇ ਦੇ ਮੁਖੜੇ ਰੰਗ ਚੜ੍ਹਾਇਆ ਹੁੰਦਾ ਮੈਂ ।Punjabi Ghazals Akhtar Hussain Akhtar
ਪੰਜਾਬੀ ਗ਼ਜ਼ਲਾਂ ਅਖ਼ਤਰ ਹੁਸੈਨ ਅਖ਼ਤਰ
੧. ਕੋਈ ਸਿਰ ਨੂੰ ਸੂਲੀ ਚੜ੍ਹਾ ਕੇ ਤੇ ਦੇਖੇ
ਕੋਈ ਸਿਰ ਨੂੰ ਸੂਲੀ ਚੜ੍ਹਾ ਕੇ ਤੇ ਦੇਖੇ ।
ਉਨ੍ਹਾਂ ਨਾਲ ਨਜ਼ਰਾਂ ਮਿਲਾਕੇ ਤੇ ਦੇਖੇ ।

ਵਫ਼ਾ ਦੀ ਤੇ ਹਰ ਲੋੜ ਨੂੰ ਪੂਰਾ ਕਰਦਾ,
ਮਿਰੇ ਦਿਲ ਨੂੰ ਉਹ ਆਜ਼ਮਾ ਕੇ ਤੇ ਦੇਖੇ ।

ਬੜੇ ਮਿੱਠੇ ਦਰਦਾਂ ਦੀ ਸੌਗ਼ਾਤ ਮਿਲਦੀ,
ਕੋਈ ਯਾਰ ਦੇ ਦਰ ਤੇ ਜਾ ਕੇ ਤੇ ਦੇਖੇ ।

ਅਖ਼ੀਰ ਉਹ ਵੀ ਧਰਤੀ ਦੀ ਛਾਤੀ 'ਤੇ ਡਿੱਗੇ,
ਖ਼ਿਆਲਾਂ ਦੇ ਪੰਛੀ ਉਡਾ ਕੇ ਤੇ ਦੇਖੇ ।

ਮਿਰਾ ਪੱਲਾ ਖ਼ਾਲੀ ਦਾ ਖ਼ਾਲੀ ਰਿਹਾ ਏ,
ਤਿਰੇ ਨਾਂ ਤੇ ਸਿੱਕੇ ਚਲਾ ਕੇ ਤੇ ਦੇਖੇ ।

ਕਿਸੇ ਮੈਨੂੰ ਇਜ਼ਤ ਦੀ ਨਜ਼ਰੇ ਨਾ ਡਿੱਠਾ,
ਮੈਂ ਗ਼ੈਰਾਂ ਦੇ ਗ਼ਮ ਦਿਲ ਨੂੰ ਲਾਕੇ ਤੇ ਦੇਖੇ ।

ਉਹ ਅਪਣੀ ਪਨਾਹ ਢੂੰਡ ਲੈਂਦਾ ਏ 'ਅਖ਼ਤਰ',
ਜੋ ਮਨ ਅਪਣੇ ਵਿੱਚ ਝਾਤੀ ਪਾ ਕੇ ਤੇ ਦੇਖੇ ।
੨. ਵਿੱਚੋਂ ਡਾਹਢਾ ਡੋਲਿਆ ਹੋਇਆ, ਉੱਤੋਂ ਏ ਮਸਰੂਰ
ਵਿੱਚੋਂ ਡਾਹਢਾ ਡੋਲਿਆ ਹੋਇਆ, ਉੱਤੋਂ ਏ ਮਸਰੂਰ ।
ਅੱਜ ਦਾ ਬੰਦਾ, ਕੱਲ੍ਹ ਦੇ ਬੰਦੇ ਨਾਲੋਂ ਵੱਧ ਮਜਬੂਰ ।

ਇਸ ਦੁਨੀਆਂ ਦੀ ਰੱਜੀ-ਪੁੱਜੀ ਹਾਲਤ, ਵਾਂਗ ਉਸ ਬੂਟੇ-
ਫੁੱਲ ਤੇ ਫਲ ਲੱਗਣ ਤੋਂ ਪਹਿਲਾਂ ਝੜ ਗਿਆ ਜਿਸ ਦਾ ਬੂਰ ।

ਓਸ ਦਿਨ ਤੋਂ ਨਾਲ 'ਪਿਆਕਾਂ' ਟੁਰਕੇ ਵੀ ਨਹੀਂ ਡਿੱਠਾ,
ਜਦ ਦੇ ਉਸਦੇ ਨੈਣ-ਸ਼ਰਾਬੀ ਕਰ ਗਏ ਨੇ ਮਖ਼ਮੂਰ ।

ਸਾਦ-ਮੁਰਾਦੀ ਹਾਲਤ ਵਿੱਚ ਵੀ ਜਦ ਉਸ ਝਲਕ ਵਿਖਾਈ,
ਮੇਰਿਆਂ ਦੋ-ਨੈਣਾਂ ਨੂੰ ਲੱਗਿਆ ਜਲਵਾ 'ਕੋਹਿਤੂਰ' ।

ਚਾਹਵਾਨਾਂ ਦੀ ਪਰ੍ਹਿਆ ਦੇ ਵਿੱਚ ਫੇਰੀਆਂ ਸਾਥੋਂ ਅੱਖੀਆਂ,
ਅਣਮੁੱਲੀ ਚਾਹਤ ਦਾ ਮੁੱਲ ਇਹ ਪਾਇਆ ਉਸ ਮਗ਼ਰੂਰ ।

ਇਹ ਤਾਂ ਅਪਣੀ ਨਾ-ਸਮਝੀ ਸੀ, ਦੋਸ਼ ਨਹੀਂ ਸੀ ਉਹਦਾ,
ਦਿਲ ਦੇ ਨੇੜੇ ਸਮਝਿਆ ਉਹਨੂੰ, ਸੀ ਅੱਖਾਂ ਤੋਂ ਦੂਰ ।

ਏਹੋ ਦਿਲ ਸਾਗਰ ਤੋਂ ਡੂੰਘਾ, ਏਹੋ ਨਾਜ਼ੁਕ ਸ਼ੀਸ਼ਾ,
ਜ਼ੋਰਾਵਰਾਂ ਦੀ ਜ਼ੋਰਾਵਰੀ ਨੇ ਕੀਤਾ ਚਕਨਾਚੂਰ ।

ਇੱਕ ਜ਼ਾਲਮ ਦੇ ਪਿਆਰ-ਵਫ਼ਾ ਦੀ ਲੱਜ ਪਾਲਣ ਦੀ ਖ਼ਾਤਰ,
ਦੁਨੀਆਂ ਭਰ ਦੇ ਤਾਅਨੇ-ਮਿਹਣੇ 'ਅਖ਼ਤਰ' ਨੂੰ ਮੰਨਜ਼ੂਰ ।
੩. ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੀਆਂ
ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੀਆਂ ।
ਕੀ ਦੱਸੀਏ ? ਨਾ ਜਾਵਣ ਦੱਸੀਆਂ ।

ਦਿਲ ਦੀ ਪੀੜ ਛੁਪਾਵਣ ਦੇ ਲਈ,
ਦਿਲ ਰੋਵੇ, ਤੇ ਰੋਵਣ ਅੱਖੀਆਂ ।

ਐਸੀਆਂ ਪੀੜਾਂ ਕੌਣ ਸਹਾਰੇ ?
ਜੋ ਮਾਰੂ, ਪਰ ਮਿੱਠੀਆਂ-ਮਿੱਠੀਆਂ ।

ਏਹੋ ਪੀੜਾਂ ਸਹਿੰਦਿਆਂ-ਸਹਿੰਦਿਆਂ,
ਲੱਖਾਂ 'ਹੀਰਾਂ' ਜ਼ਹਿਰਾਂ ਚੱਖੀਆਂ ।

ਪਰ 'ਅਖ਼ਤਰ' ਅੱਜ 'ਰਾਂਝੇ' ਕਿੱਥੇ ?
ਅੱਜ ਦੀਆਂ 'ਹੀਰਾਂ' ਕਾਰੇ-ਹੱਥੀਆਂ ।
੪. ਦੁਨੀਆਂ ਵਾਲਿਆਂ ਨੂੰ ਕਿਉਂ ਅਪਣੇ ਦੁਖ ਦੀ ਕਥਾ ਸੁਣਾਈਏ
ਦੁਨੀਆਂ ਵਾਲਿਆਂ ਨੂੰ ਕਿਉਂ ਅਪਣੇ ਦੁਖ ਦੀ ਕਥਾ ਸੁਣਾਈਏ ?
ਬੇ-ਕਦਰਾਂ ਬੇ-ਦਰਦਾਂ ਨੂੰ ਕਿਉਂ ਮਹਿਰਮ-ਰਾਜ਼ ਬਣਾਈਏ ?

ਦੁਨੀਆਂ ਵਾਲੇ ਆਪ ਨਿਮਾਣੇ, ਇਹ ਕੀ ਦਰਦ ਵੰਡਾਵਣ ?
ਲੈ ਦੇ ਕੇ ਇਕ ਦੁਖ ਹੀ ਰਹਿ ਗਿਆ, ਉਹ ਵੀ ਕਿਉਂ ਗੰਵਾਈਏ ?

ਨਾਗ਼ਾਂ ਤੋਂ ਵੱਧ ਜ਼ਹਿਰੀ ਦੁਨੀਆਂ, ਸਭਨਾਂ ਨੂੰ ਇਹ ਡੰਗੇ,
ਲੱਖ ਵਾਰੀ ਅਜ਼ਮਾਈ ਨੂੰ ਕਿਉਂ, ਮੁੜ-ਮੁੜ ਪਏ ਅਜ਼ਮਾਈਏ ?

ਖਾ ਖਾ ਥੱਕੀ, ਰੱਜ ਰੱਜ ਹਾਰੀ, ਫਿਰ ਭੁੱਖੀ ਦੀ ਭੁੱਖੀ,
ਦਿਲ ਕਰਦਾ ਏ ਭਰ ਕੇ ਆਹਾਂ, ਦੁਨੀਆਂ ਫੂਕ, ਮੁਕਾਈਏ ।

ਸਾਡੇ ਦਿਲ ਦਾ ਰੋਗ ਅਵੱਲਾ, ਇਹਦੀ ਪੀੜ ਨਿਰਾਲੀ,
ਜਿਨ੍ਹਾਂ ਸਾੜ ਮੁਕਾਇਆ ਦਿਲ ਨੂੰ, ਉਨ੍ਹਾਂ ਦਾ ਗ਼ਮ ਖਾਈਏ ।

ਦੁੱਖਾਂ-ਦਰਦਾਂ ਨੇ ਤਾਂ ਮਰਿਆਂ ਵੀ ਨਹੀਂ ਪਿੱਛਾ ਛੱਡਣਾ,
ਫਿਰ ਕਿਉਂ ਅਪਣੇ ਆਪ ਨੂੰ 'ਅਖ਼ਤਰ' ਜਿਉਂਦਿਆਂ ਮਾਰ ਮੁਕਾਈਏ ?
੫. ਜੋ ਪਲਕੀਂ ਮੋਤੀ ਤੁੱਲਦੇ ਨੇ
ਜੋ ਪਲਕੀਂ ਮੋਤੀ ਤੁੱਲਦੇ ਨੇ ।
ਉਹ ਹੱਦੋਂ ਬਾਹਰੇ ਮੁੱਲ ਦੇ ਨੇ ।

ਉਹ ਬੂਟੇ ਟਾਵੇਂ ਟਾਵੇਂ ਨੇ,
ਜੋ ਵਿੱਚ ਖ਼ਿਜ਼ਾਂ ਦੇ ਫੁਲਦੇ ਨੇ ।

ਜੋ ਫੁੱਲ ਬਣੇ ਸਨ ਹਾਰਾਂ ਲਈ,
ਅੱਜ ਵਿੱਚ ਖ਼ਿਜ਼ਾਂ ਦੇ ਰੁਲਦੇ ਨੇ ।

ਇਕ ਪਾਸੇ ਪੱਥਰ ਮੋਤੀ ਮੈਂ
ਅੱਜ ਸਾਵੇਂ ਵੇਖੇ ਤੁਲਦੇ ਨੇ ।

ਕੀ ਚਲਦਾ ਏ ਵਸ ਉਹਨਾਂ 'ਤੇ,
ਜੋ ਮੰਜ਼ਲ 'ਤੇ ਜਾ ਭੁਲਦੇ ਨੇ ।

ਜਦ 'ਅਖ਼ਤਰ' ਜ਼ੁਲਫ਼ ਸੰਵਾਰਣ ਉਹ
ਕਈ ਰਾਜ਼ ਹਕੀਕਤ ਖੁੱਲ੍ਹਦੇ ਨੇ ।

Comments

please read
please read
hi thanks for visiting our blog if you want to add link we accept but rule is add minimum 2 comment
ist = your real word which you to say about our post
2nd = your another comment with your weblink thanks

Archive

Contact Form

Send